Monday, April 24, 2017

ਮਾਲਟਨ ਗੁਰਦੁਆਰਾ ਸਾਹਿਬ ਵੱਲੋਂ ਹਰਿੰਦਰ ਮੱਲੀ ਸਮੇਤ ਸਿਆਸੀ ਪਾਰਟੀਆਂ ਦਾ ਸਨਮਾਨ





ਮਾਲਟਨ ਪੋਸਟ ਬਿਉਰੋ: ਬੀਤੇ ਵੀਕ ਐਂਡ ਗੁਰਦੁਆਰਾ ਸਿੰਘ ਸਭਾ ਮਾਲਟਨ ਵਿਖੇ ਹੋਏ ਇੱਕ ਸਮਾਗਮ ਦੌਰਾਨ ਭਾਈ ਦਲਜੀਤ ਸਿੰਘ ਸੇਖੋਂ ਦੀ ਅਗਵਾਈ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਐਮ ਪੀ ਪੀ ਹਰਿੰਦਰ ਮੱਲ੍ਹੀ ਅਤੇ ਸਮੂਹ ਸਿਆਸੀ ਪਾਰਟੀਆਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਉਂਟੇਰੀਓ ਪਾਰਲੀਮੈਂਟ ਵਿੱਚ 1984 ਦੇ ਸਿੱਖ ਕਤਲੇਆਮ ਨੂੰ ਜੈਨੋਸਾਈਡ ਕਬੂਲਣ ਲਈ ਸਿਆਸੀ ਆਗੂਆਂ ਵੱਲੋਂ ਪਾਏ ਗਏ ਯੋਗਦਾਨ ਨੂੰ ਕਬੂਲ ਕਰਨ ਹਿੱਤ ਕੀਤਾ ਗਿਆ। ਐਮ ਪੀ ਪੀ ਹਰਿੰਦਰ ਮੱਲ੍ਹੀ ਵੱਲੋਂ ਪਾਏ ਗਏ ਯੋਗਦਾਨ ਦਾ ਵਿਸ਼ੇਸ਼ ਜਿ਼ਕਰ ਕੀਤਾ ਗਿਆ। ਬੀਤੇ ਵਿੱਚ ਇਸ ਮੁੱਦੇ ਉੱਤੇ ਉਂਟੇਰੀਓ ਪਾਰਲੀਮੈਂਟ ਵਿੱਚ ਮੋਸ਼ਨ ਲਿਆਉਣ ਲਈ ਐਮ ਪੀ ਪੀ ਜਗਮੀਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ।


ਹਰਿੰਦਰ ਕੌਰ ਮੱਲ੍ਹੀ ਵੱਲੋਂ ਪੇਸ਼ ਮੋਸ਼ਨ ਵਿੱਚ ਉਂਟੇਰੀਓ ਪਾਰਲੀਮੈਂਟ ਨੂੰ 1984 ਵਿੱਚ ਹੋਏ ਸਿੱਖ ਜੈਨੋਸਾਈਡ ਸਮੇਤ ਭਾਰਤ ਅਤੇ ਵਿਸ਼ਵ ਦੇ ਹਰ ਖਿੱਤੇ ਵਿੱਚ ਹਰ ਕਿਸਮ ਦੀ ਸੰਪਰਦਾਇਕ ਹਿੰਸਾ, ਨਫ਼ਰਤ, ਵੈਰ ਭਾਵ, ਪੱਖਪਾਤ, ਨਸਲਵਾਦ ਅਤੇ ਅਸਹਿਣਸ਼ੀਲਤਾ ਦੀ ਨਿੰਦਾ ਕਰਨ ਦਾ ਸੱਦਾ ਦਿੱਤਾ ਗਿਆ ਸੀ। ਮੋਸ਼ਨ ਦੇ ਮੁੱਢ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਂਟੇਰੀਓ ਦੀ ਸੰਵਿਧਾਨਕ ਅਸੈਂਬਲੀ ਨੂੰ ਉਹਨਾਂ ਕਦਰਾਂ ਕੀਮਤਾਂ ਜਿਵੇਂ ਇਨਸਾਫ਼, ਮਨੁੱਖੀ ਅਧਿਕਾਰ ਅਤੇ ਇਨਸਾਫ, ਜਿਹਨਾਂ ਉੱਤੇ ਸਾਨੂੰ ਮਾਣ ਹੈ, ਪ੍ਰਤੀ ਆਪਣੀ ਵੱਚਨਬੱਧਤਾ ਦੀ ਮੁੜ ਪੁਸ਼ਟੀ ਕਰਨੀ ਚਾਹੀਦੀ ਹੈ।


ਵਰਨਣਯੋਗ ਹੈ ਕਿ ਦਿੱਲੀ ਸਟੇਟ ਅਸੈਂਬਲੀ ਵੱਲੋਂ 1984 ਦੇ ਕਤਲੇਆਮ ਦੀ ਨਿੰਦਾ ਕਰਨ ਵਾਲਾ ਮਤਾ 1 ਜੁਲਾਈ 2015 ਨੂੰ ਪਾਸ ਕੀਤਾ ਗਿਆ ਸੀ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਨੇ ਵੀ ਸਿੱਖ ਕਤਲੇਆਮ ਲਈ ਮੁਆਫੀ ਮੰਗੀ ਸੀ।


ਅਮ੍ਰਿਤ ਮਾਂਗਟ ਅਤੇ ਰਜਿੰਦਰ ਮਿਨਹਾਸ ਬੱਲ ਨੂੰ ਕੀਤਾ ਅਣਡਿੱਠ


ਮਾਲਟਨ ਪੋਸਟ ਬਿਉਰੋ: ਬੀਤੇ ਐਤਵਾਰ ਸਿੰਘ ਸਭਾ ਗੁਰਦੁਆਰਾ ਸਾਹਿਬ ਮਾਲਟਨ ਵਿਖੇ 1984 ਨੂੰ ਜੈਨੋਸਾਈਡ ਐਲਾਨਣ ਵਿੱਚ ਯੋਗਦਾਨ ਪਾਉਣ ਲਈ ਜਿੱਥੇ ਐਮ ਪੀ ਪੀ ਹਰਿੰਦਰ ਮੱਲ੍ਹੀ ਅਤੇ ਹੋਰ ਸਿਆਸੀ ਆਗੂਆਂ ਦਾ ਸਨਮਾਨ ਕੀਤਾ ਗਿਆ, ਉੱਥੇ ਲਿਬਰਲ ਐਮ ਪੀ ਪੀ ਅਮ੍ਰਤਿ ਮਾਂਗਟ ਨੂੰ ਮੁਕੰਮਲ ਰੂਪ ਵਿੱਚ ਅਣਡਿੱਠ ਕੀਤਾ ਗਿਆ।


ਅਮ੍ਰਤਿ ਮਾਂਗਟ ਨੂੰ ਅਣਡਿੱਠ ਕਰਨ ਦਾ ਪਿਛੋਕੜ ਗੁਰਦੁਆਰਾ ਸਾਹਿਬ ਦੇ ਭਾਈ ਦਲਜੀਤ ਸਿੰਘ ਸੇਖੋਂ ਦੇ ਉਸ ਬਿਆਨ ਨਾਲ ਜੁੜਦਾ ਹੈ ਜੋ ਉਹਨਾਂ ਨੇ ਕੁੱਝ ਦਿਨ ਪਹਿਲਾਂ ਸੰਗਤਾਂ ਨੂੰ ਸੰਬੋਧਨ ਕਰਨ ਵੇਲੇ ਦਿੱਤਾ ਸੀ। ਉਹਨਾਂ ਕਿਹਾ ਸੀ ਕਿ ਅਜਿਹੇ ਦੋ ਅਵਸਰ ਆ ਚੁੱਕੇ ਹਨ ਜਦੋਂ ਐਮ ਪੀ ਪੀ ਅਮ੍ਰਤਿ ਮਾਂਗਟ ਨੇ ਜੈਨੋਸਾਈਡ ਦੇ ਮਸਲੇ ਉੱਤੇ ਭਾਈਚਾਰੇ ਦਾ ਸਾਥ ਨਹੀਂ ਦਿੱਤਾ। ਕੈਨੇਡਾ ਇੰਡੀਆ ਫਾਉਂਡੇਸ਼ਨ ਦੇ ਬੋਰਡ ਆਫ ਗਵਰਨਰਜ਼ ਦੀ ਮੈਂਬਰ ਬੀਬੀ ਰਜਿੰਦਰ ਮਿਨਹਾਸ ਬੱਲ ਨੂੰ ਅਣਡਿੱਠ ਕੀਤਾ ਗਿਆ। ਕੈਨੇਡਾ ਇੰਡੀਆ ਫਾਉਂਡੇਸ਼ਨ (ਸੀ ਆਈ ਐਫ) ਦੇ ਸੀਨੀਅਰ ਅਹੁਦੇਦਾਰਾਂ ਨੇ ਪ੍ਰੀਮੀਅਰ ਕੈਥਲਿਨ ਵਿੱਨ ਨੂੰ ਇੱਕ ਪੱਤਰ ਲਿਖੇ ਕੇ ਮੰਗ ਕੀਤੀ ਸੀ ਕਿ ਸਿੱਖ ਜੈਨੋਸਾਈਡ ਬਾਰੇ ਮੋਸ਼ਨ ਨੂੰ ਪਾਸ ਨਾ ਹੋਣ ਦਿੱਤਾ ਜਾਵੇ।










#punjabinews

No comments:

Post a Comment