ਪੇਈਚਿੰਗ, 24 ਅਪ੍ਰੈਲ (ਪੋਸਟ ਬਿਊਰੋ)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੱਖਣੀ ਚੀਨ ਸਾਗਰ ਵਿੱਚ ਚੱਲ ਰਹੇ ਵਿਵਾਦ ਦੇ ਪਿਛੋਕੜ ਵਿੱਚ ਆਪਣੀ ਫੌਜ ਨੂੰ ਜੰਗ ਲਈ ਤਿਆਰ ਰਹਿਣ ਅਤੇ ਸਾਂਝੀ ਜੰਗੀ ਕਮਾਂਡ ਪ੍ਰਣਾਲੀ ਦੀ ਤਿਆਰੀ ਵਿੱਚ ਤੇਜ਼ੀ ਲਿਆਉਣ ਉੱਤੇ ਜ਼ੋਰ ਦਿੱਤਾ ਹੈ।
ਹੁਕਮਰਾਨ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਅਤੇ ਕੇਂਦਰੀ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਸ਼ੀ ਜਿਨਪਿੰਗ ਨੇ ਬੀਤੇ ਦਿਨ ਪੀਪਲਜ਼ ਲਿਬਰੇਸ਼ਨ ਆਰਮੀ ਦੀ ਦੱਖਣੀ ਥਿਏਟਰ ਕਮਾਂਡ ਦਾ ਨਿਰੀਖਣ ਕਰਨ ਪਿੱਛੋਂ ਇਹ ਟਿੱਪਣੀ ਕੀਤੀ। ਉਨ੍ਹਾਂ ਮਜ਼ਬੂਤ ਫੌਜ ਦੇ ਨਿਰਮਾਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਭਿ੍ਰਸ਼ਟ ਨਾ ਹੋਵੇ। ਕਮਿਊਨਿਸਟ ਪਾਰਟੀ, ਫੌਜ ਤੇ ਸਰਕਾਰ ਦੀ ਅਗਵਾਈ ਕਰਨ ਵਾਲੇ ਸਭ ਤੋਂ ਅਸਰਦਾਰ ਆਗੂ ਮੰਨੇ ਜਾਣ ਵਾਲੇ 63 ਵਰ੍ਹਿਆਂ ਦੇ ਸ਼ੀ ਜਿਨਪਿੰਗ ਇਸ ਸਾਲ ਪੰਜ ਸਾਲਾਂ ਦਾ ਕਾਰਜਕਾਲ ਪੂਰਾ ਕਰਨਗੇ ਤੇ ਉਨ੍ਹਾਂ ਦੇ ਇਸ ਸਾਲ ਪਾਰਟੀ ਦੀ 19ਵੀਂ ਕਾਂਗਰਸ ਦੌਰਾਨ ਪੰਜ ਸਾਲਾਂ ਦੇ ਦੂਜੇ ਕਾਰਜਕਾਲ ਲਈ ਫਿਰ ਚੁਣੇ ਜਾਣ ਦੀ ਸੰਭਾਵਨਾ ਹੈ। ਸ਼ੀ ਜਿਨਪਿੰਗ ਨੇ ਫੌਜੀ ਜਵਾਨਾਂ ਨੂੰ ਜੰਗ ਦੀ ਤਿਆਰੀ ਵਿੱਚ ਸਰਗਰਮੀ ਵਧਾਉਣ, ਹਾਲਾਤ ਵਿੱਚ ਬਦਲਾਅ ‘ਤੇ ਕਰੀਬੀ ਨਜ਼ਰ ਰੱਖਣ ਅਤੇ ਜੰਗ ਸਮਰੱਥਾ ਵਧਾਉਣ ਦੀਆਂ ਕੋਸ਼ਿਸ਼ਾਂ ਕਰਨ ਲਈ ਕਿਹਾ।
#punjabinews
No comments:
Post a Comment