ਗਿੱਦੜਬਾਹਾ, 24 ਅਪ੍ਰੈਲ (ਪੋਸਟ ਬਿਊਰੋ)- ਗਿੱਦੜਬਾਹਾ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਹਾਦਸੇ ਵਿੱਚ ਮਾਰੇ ਗਏ ਪਿਤਾ-ਪੁੱਤਰ ਲਾਲ ਚੰਦ (50) ਅਤੇ ਬਿੱਟੂ ਕੁਮਾਰ (22) ਦੇ ਪਰਵਾਰ ਨਾਲ ਕੱਲ੍ਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੁੱਖ ਸਾਂਝਾ ਕੀਤਾ ਤੇ ਘਟਨਾ ‘ਤੇ ਅਫਸੋਸ ਜਤਾਇਆ। ਸਾਬਕਾ ਮੁੱਖ ਮੰਤਰੀ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਾਊਸਫੈਡ ਪੰਜਾਬ ਦੇ ਚੇਅਰਮੈਨ ਗੁਰਮੀਤ ਮਾਨ ਅਤੇ ਪਰਵਾਰ ਨਾਲ ਉਨ੍ਹਾਂ ਦੇ ਪਿਤਾ ਹਾਕਮ ਸਿੰਘ ਮਾਨ ਦਾ ਬੀਤੇ ਦਿਨ ਹੋਏ ਦੇਹਾਂਤ ਤੇ ਦੁੱਖ ਪ੍ਰਗਟ ਕਰਨ ਉਪਰੰਤ ਬੀਤੇ ਦਿਨੀਂ ਕਾਂਗਰਸੀ ਆਗੂ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ਦੇ ਗ੍ਰਹਿ ਪੁੱਜੇ ਅਤੇ ਉਸ ਤੋਂ ਸਾਰੀ ਜਾਣਕਾਰੀ ਲਈ।
ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਗੱਲ ‘ਚ ਕੋਈ ਸੱਚਾਈ ਨਹੀਂ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫੀ ਦੇਣ ਦੇ ਸਬੰਧ ‘ਚ ਉਨ੍ਹਾਂ ਦੀ ਸਰਕਾਰੀ ਕੋਠੀ ‘ਚ ਪੰਜ ਸਿੰਘ ਸਾਹਿਬਾਨ ਨਾਲ ਕਦੇ ਕੋਈ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਸੀ। ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਦੇ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਸ਼੍ਰੋਮਣੀ ਦਾ ਹੈ ਤੇ ਸ਼੍ਰੋਮਣੀ ਕਮੇਟੀ ਨੇ ਹੀ ਉਨ੍ਹਾਂ ਨੂੰ ਹਟਾਉਣ ਦਾ ਫੈਸਲਾ ਲਿਆ ਹੈ, ਅਸੀਂ ਏਦਾਂ ਦੇ ਕਿਸੇ ਵੀ ਫੈਸਲੇ ਵਿੱਚ ਕਦੇ ਕੋਈ ਦਖਲ ਨਹੀਂ ਦਿੱਤਾ।
#punjabinews
No comments:
Post a Comment