ਲੰਡਨ, 23 ਅਪਰੈਲ, (ਪੋਸਟ ਬਿਉਰੋ)- ਇਮੀਗਰੇਸ਼ਨ ਅਧਿਕਾਰੀਆਂ ਨੇ ਬ੍ਰਿਟੇਨ ਦੇ ਲਿਸਟਰ ਸ਼ਹਿਰ ਦੇ 2 ਕੱਪੜਾ ਕਾਰਖਾਨਿਆਂ ਵਿੱਚ ਛਾਪੇ ਮਾਰ ਕੇ 9 ਔਰਤਾਂ ਸਮੇਤ 38 ਭਾਰਤੀਆਂ ਨੂੰ ਵੀਜ਼ੇ ਤੋਂ ਵੱਧ ਸਮਾਂ ਓਥੇ ਰਹਿਣ ਜਾਂ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਹੈ।
ਬ੍ਰਿਟੇਨ ਦੇ ਹੋਮ ਆਫਿਸ ਦੀ ਇਮੀਗਰੇਸ਼ਨ ਟੀਮ ਨੇ ਪਿਛਲੇ ਹਫਤੇ ਇੰਗਲੈਂਡ ਦੇ ਈਸਟ ਮਿਡਲੈਂਸ ਖੇਤਰ ਦੇ ਇਸ ਸ਼ਹਿਰ ਦੇ ਐੱਮ ਕੇ ਕੋਲਿਥੰਗ ਲਿਮਟਿਡ ਅਤੇ ਫੈਸ਼ਨ ਟਾਈਮਜ਼ ਯੂ ਕੇ ਲਿਮਟਿਡ ਉੱਤੇ ਛਾਪਾ ਮਾਰਿਆ ਤੇ 38 ਭਾਰਤੀਆਂ ਅਤੇ 1 ਅਫਗਾਨ ਨਾਗਰਿਕ ਨੂੰ ਫੜਿਆ।
ਲਿਸਟਰ ਮਰਕਰੀ ਦੀ ਖਬਰ ਮੁਤਾਬਕ ਫੜੇ ਗਏ ਇਨ੍ਹਾਂ ਲੋਕਾਂ ਵਿੱਚੋਂ 31 ਲੋਕ ਆਪਣੀ ਵੀਜ਼ਾ ਮਿਆਦ ਨਾਲੋਂ ਵਧ ਸਮਾਂ ਏਥੇ ਰਹੇ, 7 ਜਣੇ ਇਸ ਦੇਸ਼ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ ਅਤੇ 1 ਜਣੇ ਨੇ ਆਪਣੀ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰ ਕੇ ਕੰਮ ਕੀਤਾ। ਅਧਿਕਾਰੀਆਂ ਨੇ 19 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਨੂੰ ਬ੍ਰਿਟੇਨ ਤੋਂ ਬਾਹਰ ਕੀਤਾ ਜਾਣਾ ਹੈ, ਜਦ ਕਿ 20 ਹੋਰਨਾਂ ਨੂੰ ਹੋਮ ਆਫਿਸ ਵਿੱਚ ਨਿਯਮਤ ਰਿਪੋਰਟ ਕਰਨ ਨੂੰ ਕਿਹਾ ਗਿਆ ਹੈ ਜਿਹੜਾ ਉਨ੍ਹਾਂ ਵਾਲੇ ਕੇਸ ਦੇਖ ਰਿਹਾ ਹੈ। ਜੇ ਇਹ ਸਾਬਤ ਹੋ ਜਾਂਦਾ ਹੈ ਕਿ ਕੰਪਨੀਆਂ ਨੇ ਆਪਣੇ ਕਾਮਿਆਂ ਨੂੰ ਕਾਨੂੰਨੀ ਦਰਜਾ ਦੇਣ ਦਾ ਕਦਮ ਨਹੀਂ ਚੁੱਕਿਆ ਹੈ ਤਾਂ ਇਨ੍ਹਾਂ ਦੋਵਾਂ ਕੰਪਨੀਆਂ ਨੂੰ 20,000 ਪੌਂਡ ਤੱਕ ਹਰ ਕਰਮਚਾਰੀ ਲਈ ਜ਼ੁਰਮਾਨਾ ਦੇਣਾ ਪੈ ਸਕਦਾ ਹੈ।
#punjabinews
No comments:
Post a Comment