Monday, April 24, 2017

ਬੱਚੇ ਦੀ ਮੌਤ ਦੇ ਸਬੰਧ ਵਿੱਚ ਪਿਤਾ ਤੇ ਗਰਲਫਰੈਂਡ ਉੱਤੇ ਲੱਗੇ ਕਤਲ ਦੇ ਚਾਰਜਿਸ





ਐਡਮੰਟਨ, 24 ਅਪਰੈਲ (ਪੋਸਟ ਬਿਊਰੋ) : ਐਡਮੰਟਨ ਵਿੱਚ ਚਰਚ ਦੇ ਬਾਹਰੋਂ ਇੱਕ ਨਿੱਕੇ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਉਸ ਦੇ ਪਿਤਾ ਤੇ ਗਰਲਫਰੈਂਡ ਖਿਲਾਫ ਸੈਕਿੰਡ ਡਿਗਰੀ ਮਰਡਰ ਦੇ ਚਾਰਜਿਸ ਲੱਗੇ ਹਨ।
26 ਸਾਲਾ ਜੋਈ ਕ੍ਰਾਇਰ ਤੇ 25 ਸਾਲਾ ਤਾਸ਼ਾ ਮੈਕ ਨੂੰ ਮੁਜਰਮਾਨਾ ਢੰਗ ਨਾਲ ਕੀਤੀ ਗਈ ਅਣਗਹਿਲੀ ਕਾਰਨ, ਜਿ਼ੰਦਗੀ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਨਾ ਕਰ ਸਕਣ ਤੇ ਹਮਲੇ ਕਾਰਨ ਹੋਈ ਬੱਚੇ ਦੀ ਮੌਤ ਲਈ ਸੈਕਿੰਡ ਡਿਗਰੀ ਚਾਰਜਿਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕ੍ਰਾਇਰ ਨੂੰ ਹਮਲਾ ਕਰਕੇ ਬੱਚੇ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਲਈ ਵੀ ਚਾਰਜ ਕੀਤਾ ਗਿਆ ਹੈ।
ਇਹ ਸਾਰੇ ਚਾਰਜਿਸ 19 ਮਹੀਨਿਆਂ ਦੇ ਐਂਥਨੀ ਜੋਸਫ ਰੇਨੇ ਦੀ ਮੌਤ ਦੇ ਸਬੰਧ ਵਿੱਚ ਲਾਏ ਗਏ ਹਨ। ਜਿ਼ਕਰਯੋਗ ਹੈ ਕਿ ਸੁੱ਼ਕਰਵਾਰ ਨੂੰ ਉਸ ਦੀ ਲਾਸ਼ ਇੱਕ ਰਾਹਗੀਰ ਨੂੰ ਗੁੱਡ ਸੈ਼ਪਰਡ ਐਂਗਲੀਕਨ ਚਰਚ ਦੇ ਬਾਹਰ ਮਿਲੀ ਸੀ। ਪੁਲਿਸ ਨੇ ਦੱਸਿਆ ਕਿ ਬੱਚੇ ਦੀ ਲਾਸ਼ ਜਿਸ ਦਿਨ ਮਿਲੀ ਉਸ ਨਾਲੋਂ ਉਸ ਥਾਂ ਉੱਤੇ ਤਿੰਨ ਦਿਨ ਪਹਿਲਾਂ ਰੱਖੀ ਗਈ ਹੋਵੇਗੀ।
ਐਡਮੰਟਨ ਪੁਲਿਸ ਸਟਾਫ ਸਾਰਜੈਂਟ ਡਵੇਨ ਹੰਟਰ ਨੇ ਸੋਮਵਾਰ ਦੁਪਹਿਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਕ੍ਰਾਇਰ ਰੇਨੇ ਦਾ ਪਿਤਾ ਹੈ ਤੇ ਮੈਕ ਕ੍ਰਾਇਰ ਦੀ ਗਰਲਫਰੈਂਡ ਹੈ। ਹੰਟਰ ਨੇ ਦੱਸਿਆ ਕਿ ਸਿਰ ਵਿੱਚ ਸੱਟ ਲੱਗਣ ਕਾਰਨ ਹੀ ਬੱਚੇ ਦੀ ਮੌਤ ਹੋਈ ਤੇ ਰੇਨੇ ਦੇ ਸਾਰੇ ਸ਼ਰੀਰ ਉੱਤੇ ਨੀਲ ਦੇ ਨਿਸ਼ਾਨ ਵੀ ਪਾਏ ਗਏ। ਉਨ੍ਹਾਂ ਆਖਿਆ ਕਿ ਉਹ ਨਿੱਕਾ ਜਿਹਾ ਬੱਚਾ ਹਿੰਸਾ ਨਾਲ ਭਰੀ ਦੁੱਖਭਰੀ ਜਿ਼ੰਦਗੀ ਗੁਜ਼ਾਰ ਰਿਹਾ ਹੋਵੇਗਾ। ਉਨ੍ਹਾਂ ਆਖਿਆ ਕਿ ਉਹ ਆਪ ਇੱਕ ਪਿਤਾ ਹਨ ਤੇ ਉਨ੍ਹਾਂ ਦੇ ਤਿੰਨ ਬੱਚੇ ਹਨ ਪਰ ਇਸ ਤਰ੍ਹਾਂ ਦੀ ਘਟਨਾ ਨਾਲ ਸਾਰਿਆਂ ਦੇ ਮਨ ਭਾਰੀ ਹੋ ਜਾਂਦੇ ਹਨ। ਪਰ ਅਜੇ ਤੱਕ ਰੇਨੇ ਨੂੰ ਮਾਰੇ ਜਾਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਹੰਟਰ ਨੇ ਦੋਵਾਂ ਬਾਰੇ ਵਧੇਰੇ ਟਿਪਸ ਦੇਣ ਲਈ ਜਨਤਾ ਤੇ ਮੀਡੀਆ ਦਾ ਧੰਨਵਾਦ ਕੀਤਾ। ਉਨ੍ਹਾਂ ਐਡਮੰਟਨ ਟਰਾਂਜਿ਼ਟ ਸਰਵਿਸ ਦਾ ਵੀ ਸ਼ੁਕਰੀਆ ਕੀਤਾ ਜਿਨ੍ਹਾਂ ਨੇ ਮੈਕ ਤੇ ਕ੍ਰਾਇਰ ਦੇ ਬੱਸ ਉੱਤੇ ਹੋਣ ਦੀ ਜਾਣਕਾਰੀ ਦਿੱਤੀ। ਦੋਵਾਂ ਨੂੰ ਸੋਮਵਾਰ ਨੂੰ ਚਾਰਜ ਕੀਤਾ ਗਿਆ ਤੇ ਅਦਾਲਤ ਸਾਹਮਣੇ ਪੇਸ਼ ਵੀ ਕੀਤਾ ਗਿਆ। ਉਨ੍ਹਾਂ ਦੇ ਮਾਮਲੇ 8 ਮਈ ਤੱਕ ਅੱਗੇ ਪਾ ਦਿੱਤੇ ਗਏ ਹਨ ਤਾਂ ਕਿ ਉਹ ਕਾਨੂੰਨੀ ਸਲਾਹ ਲੈ ਸਕਣ। ਰੇਨੇ ਦੀ 19 ਸਾਲਾ ਮਾਂ ਡੈਲਿਸ ਰੇਨੇ, ਜੋ ਕਿ ਲੁਈਸ ਬੁੱਲ ਫਰਸਟ ਨੇਸ਼ਨ ਤੋਂ ਹੈ, ਆਪਣੇ ਬੱਚੇ ਦੀ ਮੌਤ ਤੋਂ ਬਿਲਕੁਲ ਟੁੱਟ ਚੁੱਕੀ ਹੈ।










#punjabinews

No comments:

Post a Comment