Monday, April 24, 2017

ਨਵੀਂ ਜੁੱਤੀ ਲੈਣ ਲਈ ਮੁਸ਼ੱਕਤ





-ਰਮੇਸ਼ ਸੇਠੀ ਬਾਦਲ
ਅੱਜ ਕੱਲ੍ਹ ਦੇ ਫੈਸ਼ਨ ਦੇ ਦੌਰ ਵਿੱਚ ਜਦੋਂ ਹਰ ਕੋਈ ਬ੍ਰਾਂਡਡ ਕੱਪੜੇ ਤੇ ਬੂਟ ਪਾਉਂਦਾ ਹੈ ਤਾਂ ਲੋਕਲ ਬਣੇ ਜੁੱੜੇ ਜੋੜਿਆਂ ਦੀ ਗੱਲ ਕੋਈ ਸੁਣਨ ਨੂੰ ਹੀ ਤਿਆਰ ਨਹੀਂ, ਜਦ ਕਿ ਪਿਛਲਿਆਂ ਸਮਿਆਂ ਵਿੱਚ ਇਨ੍ਹਾਂ ਪ੍ਰਤੀ ਬਹੁਤ ਰੁਝਾਨ ਹੁੰਦਾ ਸੀ। ਮੇਰਾ ਬਚਪਨ ਪਿੰਡ ਘੁਮਿਆਰੇ ਦੀਆਂ ਗਲੀਆਂ ਵਿੱਚ ਬੀਤਿਆ। ਮੇਰੇ ਨਾਲ ਦੇ ਬਹੁਤੇ ਜੁਆਕ ਨੰਗੇ ਪੈਰੀਂ ਹੁੰਦੇ ਸਨ ਤੇ ਕਈਆਂ ਦੇ ਠਿੱਬੇ ਜੋੜੇ ਪਾਏ ਹੁੰਦੇ ਸੀ। ਰਬੜ ਦੀਆਂ ਚਪਲੀਆਂ ਜਿਹੀਆਂ ਤਾਂ ਮੇਰੇ ਵਰਗੇ ਕਈ ਪਾਉਂਦੇ ਸਨ। ਰਬੜ ਦੀ ਚੱਪਲ, ਜੁੱਤੀ ਜਾਂ ਜੋੜੇ ਨੂੰ ਟਾਂਕਾ ਜਾਂ ਟਾਕੀ ਲਗਵਾਉਣਾ ਤਾਂ ਆਮ ਗੱਲ ਸੀ। ਇਸ ਦੀ ਕੋਈ ਸ਼ਰਮ ਵੀ ਨਹੀਂ ਸੀ ਮੰਨਦਾ। ਸਰਦੇ ਪੁੱਜਦੇ ਲੋਕ ਟਾਕੀ ਵਾਲੀ ਜੁੱਤੀ ਪਾ ਲੈਂਦੇ ਸਨ।
ਮੈਂ ਬਹੁਤਾ ਕਰਕੇ ਬਾਟਾ ਦੇ ਬੂਟ ਜਾਂ ਗਿਆਰਾਂ ਰੁਪਏ ਪਚਾਨਵੇਂ ਪੈਸਿਆਂ ਵਾਲੇ ਖਾਕੀ ਰੰਗ ਦੇ ਫਲੀਟ ਪਾਉਂਦਾ ਸੀ, ਪਰ ਇਕ ਦਿਨ ਮੈਂ ਕਿਸੇ ਵੱਡੀ ਉਮਰ ਦੇ ਬੰਦੇ ਨੂੰ ਚਾਦਰੇ ਨਾਲ ਖੁੱਸੇ ਪਾਈ ਵੇਖਿਆ। ਉਹ ਵਾਰੀ-ਵਾਰੀ ਆਪਣੀ ਨੋਕਦਾਰ ਜੁੱਤੀ ਦੀ ਤਾਰੀਫ ਕਰ ਰਿਹਾ ਸੀ। ਕਾਲੇ ਰੰਗ ਦੇ ਚਮੜੇ ‘ਤੇ ਸੋਨੇ ਰੰਗੇ ਤਿੱਲੇ ਦੀ ਕਢਾਈ ਵਾਲੀ ਜੁੱਤੀ ਉਸ ਦੇ ਫੱਬਦੀ ਵੀ ਬਹੁਤ ਸੀ। ਮੈਨੂੰ ਨਵੀਂ ਜੁੱਤੀ ਖੁੱਸੇ ਬਣਵਾਉਣ ਦੀ ਰੀਝ ਜਾਗ ਪਈ। ਮੈਂ ਆਪਣੀ ਮਾਂ ਕੋਲੇ ਆਪਣੀ ਇੱਛਾ ਜ਼ਾਹਰ ਕੀਤੀ। ਮੇਰੀ ਮਾਂ ਨੇ ਮੈਨੂੰ ਮੇਰੇ ਦਾਦਾ ਜੀ ਨਾਲ ਗੱਲ ਕਰਨ ਦਾ ਕਹਿਣ ਕੇ ਆਪਣੇ ਵੱਲੋਂ ਟਰਕਾ ਦਿੱਤਾ। ਹੁਣ ਮੇਰੀ ਜੁੱਤੀ ਦੀ ਫਰਮਾਇਸ਼ ਦਾ ਮਸਲਾ ਦਾਦਾ ਜੀ ਕੋਲ ਸੀ। ਉਨ੍ਹਾਂ ਨੇ ਕਈ ਦਿਨ ਅੱਜ ਕੱਲ੍ਹ ਕਰਦਿਆਂ ਨੇ ਲੰਘਾ ਦਿੱਤੇ। ਮੇਰੀ ਜ਼ਿੱਦ ਵੇਖਦੇ ਹੋਏ ਇਕ ਦਿਨ ਉਹ ਮੇਰੇ ਨਾਲ ਪਿੰਡ ਦੇ ਬਾਹਰ, ਬਰਾਨੀ ਛੱਪੜ ਦੇ ਨੇੜੇ ਰਹਿੰਦੇ ਚੋਲੂ ਨਾਂ ਦੇ ਬੰਦੇ ਦੇ ਘਰੇ ਗਏ। ਵਡੇਰੀ ਉਮਰ ਦਾ ਇਹ ਬਾਬਾ ਘਰੇ ਬੈਠ ਕੇ ਹੀ ਜੁੱਤੀਆਂ ਬਣਾਉਂਦਾ ਸੀ ਤੇ ਸਾਰੇ ਪਿੰਡ ਵਿੱਚ ਮਸ਼ਹੂਰ ਸੀ। ਉਸ ਸਮੇਂ ਪਿੰਡਾਂ ਵਿੱਚ ਜਾਤੀ ਸੂਚਕ ਸ਼ਬਦ ਆਮ ਵਰਤੇ ਜਾਂਦੇ ਸਨ ਤੇ ਕੋਈ ਇਤਰਾਜ਼ ਨਹੀਂ ਸੀ ਕਰਦਾ ਤੇ ਨਾ ਹੀ ਕੋਈ ਗੁੱਸਾ ਕਰਦਾ ਸੀ। ਇਸ ਲਈ ਉਸ ਨੂੰ ਸਾਰੇ ‘ਚੋਲੂ ਚਮਾਰ’ ਆਖਦੇ ਸਨ, ਪਰ ਮੈਂ ਉਸ ਨੂੰ ਬਾਬਾ ਜੀ ਹੀ ਆਖਿਆ, ਕਿਉਂਕਿ ਉਹ ਮੇਰੇ ਦਾਦਾ ਜੀ ਦੀ ਉਮਰ ਦਾ ਸੀ।
ਮੇਰੇ ਦਾਦਾ ਜੀ ਨੇ ਉਸ ਨੂੰ ਮੇਰੇ ਲਈ ਖੁੱਸਾ ਬਣਾਉਣ ਲਈ ਆਖਿਆ ਤੇ ਨਾਲ ਇਹ ਵੀ ਕਿਹਾ ਕਿ ਜੁਆਕ ਨੇ ਪਹਿਲੀ ਵਾਰੀ ਜੁੱਤੀ ਪਾਉਣੀ ਹੈ, ਇਸ ਲਈ ਜੁੱਤੀ ਨਰਮ ਤੇ ਨਾ ਲੱਗਣ ਵਾਲੀ ਹੋਵੇ। ਬਹੁਤਾ ਜ਼ੋਰ ਪਾਉਣ ‘ਤੇ ਉਸ ਨੇ ਜੁੱਤੀ ਦੀ ਕੀਮਤ ਅੱਠ ਰੁਪਏ ਦੱਸੀ। ਵਾਜਿਬ ਤੇ ਰਿਆਇਤੀ ਕੀਮਤ ਹੋਣ ਕਰਕੇ ਮੇਰੇ ਦਾਦਾ ਜੀ ਨੇ ਬਹੁਤੀ ਸੌਦੇਬਾਜ਼ੀ ਨਹੀਂ ਕੀਤੀ। ਵੈਸੇ ਪਿੰਡ ਦੇ ਸੇਠ ਹੋਣ ਕਰਕੇ ਹਰ ਗਰੀਬ ਅਮੀਰ ਮੇਰੇ ਦਾਦਾ ਜੀ ਦਾ ਪੂਰਾ ਮਾਣ ਸਨਮਾਨ ਕਰਦਾ ਸੀ। ਇਹੀ ਪੰਜਾਬ ਦੀ ਸ਼ਾਹੀ ਰਵਾਇਤ ਹੈ। ਫਿਰ ਉਸ ਨੇ ਮੇਰੇ ਦੋਵਾਂ ਪੈਰਾਂ ਨੂੰ ਕਾਗਜ਼ ‘ਤੇ ਰਖਵਾ ਕੇ ਪੈਨਸਿਲ ਨਾਲ ਨਾਪ ਲੈ ਲਿਆ ਅਤੇ ਫਿਰ ਉਸ ਨੇ ਪਰਸੋਂ ਅਰਥਾਤ ਦੋ ਦਿਨਾਂ ਬਾਅਦ ਜੁੱਤੀ ਤਿਆਰ ਕਰਕੇ ਦੇਣ ਦਾ ਵਾਅਦਾ ਕਰ ਲਿਆ। ਮੈਂ ਸਵੇਰ ਸ਼ਾਮੀਂ ਬਾਬੇ ਘਰੇ ਆਪਣੇ ਸਾਈਕਲ ਉੱਤੇ ਜੁੱਤੀ ਬਾਰੇ ਪੁੱਛਣ ਲਈ ਗੇੜਾ ਮਾਰਦਾ, ਪਰ ਜਵਾਬ ‘ਅਜੇ ਨਹੀਂ ਬਣੀ’ ਮਿਲਦਾ। ਕਈ ਦਿਨ ਘੇਸਲ ਵੱਟਣ ਪਿੱਛੋਂ ਬਾਬੇ ਨੇ ਮੇਰੇ ਲਈ ਜੁੱਤੀ ਬਣਾਉਣੀ ਸ਼ੁਰੂ ਕਰ ਦਿੱਤੀ।
ਇਹ ਬਹੁਤ ਹੀ ਬਰੀਕੀ ਵਾਲਾ ਕੰਮ ਸੀ। ਆਖਰ ਇਕ ਦਿਨ ਜੁੱਤੀ ਬਣ ਕੇ ਤਿਆਰ ਹੋ ਗਈ, ਪਰ ਉਸ ਦੀ ਸਪੁਰਦਗੀ ਮੈਨੂੰ ਨਾ ਮਿਲੀ। ਬਾਬੇ ਨੇ ਆਖਿਆ ਕਿ ਜੁੱਤੀ ਨੂੰ ਕਲਬੂਤ ਲਾਏ ਗਏ ਹਨ। ਮੈਨੂੰ ਇਸ ਬਾਰੇ ਕੋਈ ਗਿਆਨ ਨਹੀਂ ਸੀ। ਫਿਰ ਮੈਂ ਵੇਖਿਆ ਕਿ ਜੁੱਤੀ ਨੂੰ ਖੁੱਲ੍ਹਾ ਤੇ ਸਿੱਧਾ ਕਰਨ ਲਈ ਉਸ ਵਿੱਚ ਲੱਕੜ ਦੇ ਬਣੇ ਜੁੱਤੀ ਦੇ ਆਕਾਰ ਦੇ ਖਾਂਚੇ ਪਾਏ ਜਾਂਦੇ ਸਨ, ਜਿਨ੍ਹਾਂ ਨੂੰ ਕਲਬੂਤ ਕਹਿੰਦੇ ਸਨ। ਅਗਲੇ ਦਿਨ ਮੈਂ ਦਾਦਾ ਜੀ ਨਾਲ ਜਾ ਕੇ ਜੁੱਤੀ ਲੈ ਕੇ ਹੀ ਆਇਆ। ਮੈਂ ਅਜੇ ਜੁੱਤੀ ਦੋ ਦਿੱਨ ਹੀ ਪਾਈ ਸੀ ਕਿ ‘ਜੁੱਤੀ ਤੰਗ ਤੇ ਜਵਾਈ ਨੰਗ’ ਵਾਲੀ ਕਹਾਵਤ ਸੱਚ ਹੋਣੀ ਸ਼ੁਰੂ ਹੋ ਗਈ। ਮੇਰੇ ਜੁੱਤੀ ਲੱਗ ਗਈ। ਦੋਵਾਂ ਅੱਡੀਆਂ ‘ਤੇ ਛਾਲੇ ਹੋ ਗਏ। ਬਹੁਤ ਦਵਾਈਆਂ ਤੇ ਅੋਹੜ ਪੋਹੜ ਕੀਤੇ। ‘ਜਿਉਂ-ਜਿਉਂ ਦਵਾ ਕੀ, ਮਰਜ਼ ਬੜਤਾ ਹੀ ਗਯਾ।’
ਫਿਰ ਕਿਸੇ ਸਿਆਣੀ ਔਰਤ ਦੇ ਦੱਸਣ ਉੱਤੇ ਮੇਰੀ ਮਾਂ ਨੇ ਪੁਰਾਣੀ ਜੁੱਤੀ ਸਾੜ ਕੇ ਉਸ ਦਾ ਸੁਰਮਾ ਬਣਾ ਕੇ ਜ਼ਖਮਾਂ ਉੱਤੇ ਬੰਨ੍ਹਿਆ। ਤਿੰਨ ਕੁ ਦਿਨਾਂ ਵਿੱਚ ਆਰਾਮ ਆ ਗਿਆ। ਤਦ ਮੈਂ ਜੁੱਤੀ ਪਾ ਕੇ ਸ਼ਹਿਰ ਤੇ ਫਿਰ ਨਾਨਕੇ ਪਿੰਡ ਬਾਦੀਆਂ ਗਿਆ। ਮੁੜੀਆਂ ਹੋਈਆਂ ਨੋਕਾਂ ਵਾਲੀ ਜੁੱਤੀ ਮੈਨੂੰ ਬਹੁਤ ਸੋਹਣੀ ਲੱਗਦੀ ਸੀ। ਹੁਣ ਉਹ ਲੱਗਦੀ ਵੀ ਨਹੀਂ ਸੀ। ਉਸ ਦਾ ਬਹੁਤਾ ਸਿੱਧ-ਪੁੱਠ ਦਾ ਚੱਕਰ ਵੀ ਨਹੀਂ ਸੀ। ਕਈ ਦਿਨਾਂ ਬਾਅਦ ਸਵੇਰੇ-ਸਵੇਰੇ ਪਤਾ ਲੱਗਾ ਕਿ ਮੇਰੀ ਜੁੱਤੀ ਨੂੰ ਸਾਡਾ ਲੂਚਾ ਚੱਬ ਗਿਆ। ਲੂਚਾ ਸਾਡਾ ਪਾਲਤੂ ਕੁੱਤਾ ਸੀ ਤੇ ਕਈ ਦਿਨਾਂ ਤੋਂ ਉਸ ਨੂੰ ਚੱਪਲਾਂ, ਬੂਟ, ਜੁੱਤੀਆਂ ਖਾਣ ਦੀ ਗੰਦੀ ਆਦਤ ਪੈ ਗਈ ਸੀ। ਅਸੀਂ ਉਸ ਨੂੰ ਕੁੱਟਦੇ, ਪਰ ਉਸ ਦੀ ਇਹ ਭੈੜੀ ਆਦਤ ਛਡਾਉਣੀ ਮੁਸ਼ਕਲ ਸੀ। ਅਸੀਂ ਰਾਤ ਨੂੰ ਚੱਪਲਾਂ ਜੁੱਤੀਆਂ ਲੁਕੋ ਕੇ ਰੱਖਦੇ, ਪਰ ਫਿਰ ਵੀ ਜਿਸ ਦਿਨ ਅਣਗਹਿਲੀ ਹੋ ਜਾਂਦੀ, ਅਗਲੇ ਦਿਨ ਪਤਾ ਲੱਗਦਾ ਕਿ ਲੂਚੇ ਨੇ ਆਪਣੀ ਕਾਰਵਾਈ ਪਾ ਦਿੱਤੀ ਹੈ।
ਉਸ ਦਿਨ ਜਦੋਂ ਮੇਰੀ ਮਾਂ ਨੇ ਸਵੇਰੇ-ਸਵੇਰੇ ਜੁੱਤੀ ਦੇ ਟੁਕੜੇ ਵੇਖੇ ਤਾਂ ਮੈਨੂੰ ਸੁੱਤੇ ਪਏ ਨੂੰ ਹੀ ਗਾਲਾਂ ਦਾ ਪ੍ਰਸਾਦ ਦੇਣਾ ਸ਼ੁਰੂ ਕਰ ਦਿੱਤਾ। ਗਲਤੀ ਮੇਰੀ ਹੀ ਸੀ, ਪਰ ਹੁਣ ਕੀ ਕੀਤਾ ਜਾ ਸਕਦਾ ਸੀ। ਮੈਂ ਵੀ ਆਪਣੀ ਗੁੱਸਾ ਬੇਜ਼ੁਬਾਨ ਲੂਚੇ ‘ਤੇ ਲਾਹਿਆ। ਉਹ ਚਊਂ-ਚਊਂ ਤੋਂ ਬਿਨਾਂ ਕੀ ਕਰ ਸਕਦਾ ਸੀ? ਫਿਰ ਮੈਨੂੰ ਘਰਦਿਆਂ ਨੇ ਹੋਰ ਜੁੱਤੀ ਬਣਾ ਕੇ ਨਾ ਦਿੱਤੀ। ਮੈਂ ਆਮ ਬੂਟ ਤੇ ਚੱਪਲਾਂ ਹੀ ਪਾਉਂਦਾ। ਹੁਣ ਕਈ ਸਾਲਾਂ ਤੋਂ ਮੈਂ ਗਰਮੀ ਸ਼ੁਰੂ ਹੁੰਦੇ ਸਾਰ ਤਿੱਲੇ ਦੀ ਕਢਾਈ ਵਾਲੀ ਸੁਨਹਿਰੀ ਜੁੱਤੀ ਖਰੀਦ ਲੈਂਦਾ ਹਾਂ ਤੇ ਸਾਰੀਆਂ ਗਰਮੀਆਂ ਜੁੱਤੀ ਪਾਉਂਦਾ ਹਾਂ। ਇਹ ਬਹੁਤ ਆਰਾਮ ਦਾਇਕ ਹੁੰਦੀ ਹੈ। ਮੈਂ ਕਈ ਜੁੱਤੀਆਂ ਹੰਢਾ ਚੁੱਕਿਆ ਹਾਂ, ਪਰ ਪਹਿਲੀ ਜੁੱਤੀ ਜੋ ਖੁੱਸੇ ਜੋੜੇ ਸਨ, ਦੀ ਰਾਮ ਕਹਾਣੀ ਹਾਲੇ ਯਾਦ ਹੈ। ਹੁਣ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਕੰਪਨੀਆਂ ਦੀਆਂ ਦਿਲਕਸ਼ ਡਿਜ਼ਾਈਨਾਂ ਵਾਲੀਆਂ ਤੇ ਆਰਾਮ ਦਾਇਕ ਬਣੀਆਂ ਬਣਾਈਆਂ ਜੁੱਤੀਆਂ ਪਾਉਣ ਲਈ ਮਿਲ ਜਾਂਦੀਆਂ ਹਨ, ਪਰ ਉਸ ਸਮੇਂ ਹੱਥ ਨਾਲ ਬਣਾਈਆਂ ਦੇਸੀ ਜੁੱਤੀਆਂ ਦਾ ਹੀ ਰੁਝਾਨ ਸੀ ਤੇ ਇਹ ਹੰਢਣਸਾਰ ਵੀ ਬਹੁਤ ਹੁੰਦੀਆਂ ਸਨ।










#punjabinews

No comments:

Post a Comment