Monday, April 24, 2017

ਹਿੰਦੂ ਸੰਗਠਨਾਂ ਵੱਲੋਂ ਸਿੱਖ ਪ੍ਰਚਾਰਕ ਦੀ ਗ੍ਰਿਫਤਾਰੀ ਦੀ ਮੰਗ ਦੇ ਨਾਲ ਤਣਾਅ






ਮੋਗਾ, 24 ਅਪ੍ਰੈਲ (ਪੋਸਟ ਬਿਊਰੋ)- ਵੱਖ-ਵੱਖ ਹਿੰਦੂ ਜਥੇਬੰਦੀਆਂ ਵੱਲੋਂ ਸਿੱਖ ਪ੍ਰਚਾਰਕ ਹਰਜੀਤ ਸਿੰਘ ਢਪਾਲੀ ਦੀ ਗ੍ਰਿਫਤਾਰੀ ਦੀ ਮੰਗ ਦੇ ਕਾਰਨ ਇਸ ਇਲਾਕੇ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਟਕਰਾਅ ਨੂੰ ਟਾਲਣ ਲਈ ਸਿੱਖ ਜਥੇਬੰਦੀਆਂ ਅਤੇ ਹਿੰਦੂ ਸੰਗਠਨਾਂ ਦੇ ਨਾਲ ਬੈਠਕ ਕੀਤੀ, ਪਰ ਦੋਵੇਂ ਜਥੇਬੰਦੀਆਂ ਆਪੋ-ਆਪਣੇ ਸਟੈਂਡ ‘ਤੇ ਅੜੀਆਂ ਰਹੀਆਂ ਹਨ।
ਥਾਣਾ ਸਮਾਲਸਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਸੱਤ ਮਾਰਚ ਨੂੰ ਸਿੱਖ ਪ੍ਰਚਾਰਕ ਹਰਜੀਤ ਸਿੰਘ ਢਪਾਲੀ, ਪਿੰਡ ਢਪਾਲੀ ਜ਼ਿਲਾ ਬਠਿੰਡਾ ਦੇ ਖਿਲਾਫ ਕੇਸ ਦਰਜ ਕੀਤਾ ਸੀ। ਇਸ ਵਿੱਚ ਸਿੱਖ ਪ੍ਰਚਾਰਕ ਉੱਤੇ ਦੋਸ਼ ਲਾਇਆ ਗਿਆ ਹੈ ਕਿ ਦੋ ਮਹੀਨੇ ਪਹਿਲਾਂ 24 ਤੋਂ 26 ਫਰਵਰੀ ਤੱਕ ਗੁਰਦੁਆਰਾ ਸਾਹਿਬ ਪੱਤੀ ਤਲੋਕਾ ਪਿੰਡ ਲੰਡੇ ਵਿੱਚ ਧਾਰਮਿਕ ਦੀਵਾਨ ਦੌਰਾਨ ਉਨ੍ਹਾਂ ਨੇ ਹਿੰਦੂ ਦੇਵੀ ਦੇਵਤਿਆਂ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਪੁਲਸ ਨੇ ਉਸ ਸਮਾਗਮ ਤੋਂ 10 ਦਿਨ ਬਾਅਦ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋੋਣ ਦੇ ਬਾਅਦ ਹਿੰਦੂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਪੁਲਸ ਦੇ ਮੁਤਾਬਕ ਇਸ ਕੇਸ ਵਿੱਚ ਸਿੱਖ ਪ੍ਰਚਾਰਕ ਨੂੰ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਮਿਲ ਚੁੱਕੀ ਹੈ, ਪਰ ਹਿੰਦੂ ਜਥੇਬੰਦੀਆਂ ਸਿੱਖ ਪ੍ਰਚਾਰਕ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੀਆਂ ਹਨ। ਇਸ ਦੇ ਲਈ ਆਲ ਇੰਡੀਆ ਹਿੰਦੂ ਸਟੂਡੈਂਟਸ ਫੈਡਰੇਸ਼ਨ, ਵਿਸ਼ਵ ਹਿੰਦੂ ਤਖਤ ਪਟਿਆਲਾ ਦੀ ਅਗਵਾਈ ਵਿੱਚ ਸਥਾਨਕ ਅਨੰਤੇਸ਼ਵਰ ਮੰਦਰ ਵਿੱਚ ਪੰਡਤ ਰਾਜੇਸ਼ ਗੌੜ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਪੁਲਸ ਨੇ ਗ੍ਰਿਫਤਾਰੀ ਦਾ ਭਰੋਸਾ ਦੇ ਕੇ ਇੱਕ ਵਾਰ ਖਤਮ ਕਰਵਾ ਦਿੱਤੀ ਹੈ।
ਇਸ ਦੌਰਾਨ ਵਿਸ਼ਵ ਹਿੰਦੂ ਸ਼ਕਤੀ ਦੇ ਕੌਮੀ ਪ੍ਰਧਾਨ ਰਾਹੁਲ ਸ਼ਰਮਾ ਨੇ ਕਿਹਾ ਕਿ ਪੁਲਸ ਨੇ ਝੂਠਾ ਭਰੋਸਾ ਦੇ ਕੇ ਹੜਤਾਲ ਖਤਮ ਕਰਾਈ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਪ੍ਰਚਾਰਕ ਹਰਜੀਤ ਸਿੰਘ ਢਪਾਲੀ ਵੱਲੋਂ ਹਿੰਦੂ ਦੇਵੀ ਦੇਵਤਿਆਂ ਦੇ ਖਿਲਾਫ ਵਰਤੀ ਗਈ ਭੱਦੀ ਸ਼ਬਦਾਵਲੀ ਨਾਲ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਦੂਸਰੇ ਪਾਸੇ 26 ਅਪ੍ਰੈਲ ਨੂੰ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਆਯੋਜਿਤ ਸਮਾਗਮ ਵਿੱਚ ਸਿੱਖ ਪ੍ਰਚਾਰਕ ਹਰਜੀਤ ਸਿੰਘ ਢਪਾਲੀ ਵੀ ਪਹੁੰਚ ਰਹੇ ਹਨ। ਹਿੰਦੂ ਜਥੇਬੰਦੀਆਂ ਦੇ ਵਿਰੋਧ ਦੇ ਕਾਰਨ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੇ ਲਈ ਕਾਰਜਕਾਰੀ ਐਸ ਐਸ ਪੀ, ਐਸ ਪੀ (ਡੀ) ਬਲਬੀਰ ਸਿੰਘ ਅਤੇ ਐਸ ਪੀ (ਐਚ) ਹਰਪ੍ਰੀਤ ਸਿੰਘ ਬੈਨੀਪਾਲ ਨੇ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਹੈ, ਪਰ ਸਿੱਖ ਜਥੇਬੰਦੀਆਂ ਨੇ ਪੁਲਸ ਦੀ ਇਹ ਦਲੀਲ ਠੁਕਰਾ ਦਿੱਤੀ ਹੈ। ਸਿਵਲ ਤੇ ਪੁਲਸ ਪ੍ਰਸ਼ਾਸਨ ਟਕਰਾਅ ਟਾਲਣ ਲਈ ਪੂਰਾ ਜ਼ੋਰ ਲਾ ਰਿਹਾ ਹੈ। ਇਸ ਸਬੰਧਤ ਪੰਜਾਬ ਪੁਲਸ ਅਤੇ ਖੁਫੀਆ ਵਿਭਾਗ ਦੀ ਦੋਵਾਂ ਧਿਰਾਂ ਦੀਆਂ ਸਰਗਰਮੀਆਂ ‘ਤੇ ਤਿੱਖੀ ਨਜ਼ਰ ਹੈ।










#punjabinews

No comments:

Post a Comment