Monday, April 24, 2017

ਭਾਜਪਾ ਆਗੂ ਦੇ ਪੁੱਤਰ ਵੱਲੋਂ ਖੁਦਕੁਸ਼ੀ, ਭਾਜਪਾ ਜਿ਼ਲਾ ਪ੍ਰਧਾਨ ਉੱਤੇ ਕੇਸ ਦਰਜ






ਤਰਨ ਤਾਰਨ, 24 ਅਪ੍ਰੈਲ (ਪੋਸਟ ਬਿਊਰੋ)- ਸਥਾਨਕ ਨਗਰ ਕੌਂਸਲ ਵਿੱਚ ਅਕਾਲੀ ਦਲ ਨੂੰ ਛੱਡ ਕੇ ਹਾਕਮ ਧਿਰ ਕਾਂਗਰਸ ਨਾਲ ਚਲੀ ਗਈ ਕੌਂਸਲਰ ਬੀਬੀ ਰੇਣੂ ਮਹੰਤ ਦੇ 28 ਸਾਲਾ ਲੜਕੇ ਨੇ ਕੱਲ੍ਹ ਆਪਣੇ ਘਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਬਾਰੇ ਸਿਟੀ ਪੁਲਸ ਨੇ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਜਸਵੰਤ ਸਿੰਘ ਪੱਡਾ ਦੇ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਦਫਾ 306 ਦਾ ਕੇਸ ਦਰਜ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੀ ਮੀਤ ਪ੍ਰਧਾਨ ਬੀਬੀ ਰੇਣੂ ਮਹੰਤ ਦੇ ਲੜਕੇ ਮਨਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਮਨਦੀਪ ਦੇ ਪਿਤਾ ਬਲਜੀਤ ਸਿੰਘ ਮਹੰਤ ਸਾਬਕਾ ਕੌਂਸਲਰ ਦਾ ਭਾਜਪਾ ਆਗੂ ਜਸਵੰਤ ਸਿੰਘ ਪੱਡਾ ਨਾਲ ਕਈ ਚਿਰ ਤੋਂ ਜਾਇਦਾਦ ਦਾ ਝਗੜਾ ਚੱਲਦਾ ਆ ਰਿਹਾ ਸੀ। ਇਸ ਕਰਕੇ ਮਨਦੀਪ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਸੀ। ਉਹ ਬੀਤੀ ਰਾਤ ਆਪਣੇ ਘਰ ਦੇ ਸਾਹਮਣੇ ਖੋਲ੍ਹੇ ਹੋਏ ਰੈਸਟੋਰੈਂਟ ਦਾ ਕੰਮ ਖਤਮ ਕਰਕੇ ਘਰ ਗਿਆ ਤਾਂ ਆਪਣੇ 32 ਬੋਰ ਦੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਆਪਣੇ ਸਿਰ ਵਿੱਚ ਮਾਰ ਲਈ। ਉਸ ਨੂੰ ਗੰਭੀਰ ਹਾਲਤ ਵਿੱਚ ਇਥੇ ਗੁਰੂ ਨਾਨਕ ਸੁਪਰ ਸਪੈਸ਼ਲਿਟੀ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਟੀ ਥਾਣਾ ਦੇ ਮੁਖੀ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਦੋਸ਼ੀ ਜਸਵੰਤ ਸਿੰਘ ਪੱਡਾ ਮ੍ਰਿਤਕ ਮਨਦੀਪ ਸਿੰਘ ਨੂੰ ਗਾਹੇ ਬਗਾਹੇ ਰਸਤੇ ਵਿੱਚ ਮਿਲਦਿਆਂ ਉਨ੍ਹਾਂ ਦੀ ਹੋਰ ਜਾਇਦਾਦ ਉਤੇ ਕਬਜ਼ਾ ਕਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ। ਮ੍ਰਿਤਕ ਮਨਦੀਪ ਸਿੰਘ ਦਾ ਪਿਤਾ ਮਹੰਤ ਬਲਜੀਤ ਸਿੰਘ ਇਥੇ ਅਖਾੜਾ ਬਾਬਾ ਭੋਲਾ ਸਿੰਘ ਦਾ ਗੱਦੀ ਨਸ਼ੀਨ ਹੈ ਅਤੇ ਉਸ ਨੇ ਕੋਈ 20 ਸਾਲ ਪਹਿਲਾਂ ਜਸਵੰਤ ਸਿੰਘ ਪੱਡਾ ਨੂੰ ਡੇਰੇ ਦੀ 26 ਕਨਾਲ ਜ਼ਮੀਨ 99 ਸਾਲਾ ਪਟੇ ਉਤੇ ਦਿੱਤੀ ਸੀ, ਪਰ ਪੱਡਾ ਡੇਰੇ ਦੀ 32 ਕਨਾਲ ਜ਼ਮੀਨ ਉਤੇ ਕਾਸ਼ਤ ਕਰ ਰਿਹਾ ਸੀ।










#punjabinews

No comments:

Post a Comment