Monday, April 24, 2017

ਬ੍ਰਿਸਬੇਨ ਦੇ ਪਾਰਕ ਵਿੱਚ ਮਨਮੀਤ ਅਲੀਸ਼ੇਰ ਦੀ ਯਾਦਗਾਰ ਸਥਾਪਤ






ਬ੍ਰਿਸਬੇਨ, 24 ਅਪ੍ਰੈਲ (ਪੋਸਟ ਬਿਊਰੋ)- ਆਸਟਰੇਲੀਆ ‘ਚ ਬੀਤੇ ਸਾਲ ਅਕਤੂਬਰ ਇੱਕ ਹਮਲੇ ਦਾ ਨਿਸ਼ਾਨਾ ਬਣੇ ਭਾਰਤੀ ਬਸ ਚਾਲਕ ਮਨਮੀਤ ਸ਼ਰਮਾ ਅਲੀਸ਼ੇਰ ਨੇ ਮਾਰੂਕਾ ਸ਼ਹਿਰ ਜਿੱਥੇ ਮੰਦਭਾਗੀ ਘਟਨਾ ਸਮੇਂ ਅੰਤਮ ਸਾਹ ਲਿਆ ਸੀ, ਉਸ ਦੇ ਨੇੜੇ ਲਕਸਵਰਥ ਪਲੇਸ ਪਾਰਕ ‘ਚ ਉਸ ਦੇ ਨਾਂਅ ‘ਤੇ ਯਾਦਗਾਰ ਬਣਾਉਣ ਬਾਰੇ ਉਸ ਦੇ ਪਰਵਾਰ ਵੱਲੋਂ ਭਾਈਚਾਰੇ ਦੇ ਸਹਿਯੋਗ ਨਾਲ ਇੱਕ ਧਾਰਮਿਕ ਸਮਾਗਮ ਆਯੋਜਤ ਕੀਤਾ ਗਿਆ। ਗਿਆਨੀ ਸੁਖਜਿੰਦਰ ਸਿੰਘ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਜਪੁਜੀ ਸਾਹਿਬ ਦੇ ਪਾਠ ਦੀ ਸੇਵਾ ਨਿਭਾਏ ਜਾਣ ਪਿੱਛੋਂ ਧਾਰਮਿਕ ਦੀਵਾਨ ਸਜਾਏ ਗਏ। ਇਸ ਤੋਂ ਬਾਅਦ ਸਥਾਨਕ ਪਾਰਲੀਮੈਂਟ ਮੈਂਬਰ, ਕੌਂਸਲਰਾਂ, ਉਚ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋਰ ਸ਼ਖਸੀਅਤਾਂ ਨੇ ਮਨਮੀਤ ਅਲੀਸ਼ੇਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਸਾਰਿਆਂ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਪਰਵਾਰ ਨੂੰ ਕਾਨੂੰਨ ਅਨੁਸਾਰ ਬਣਦਾ ਇਨਸਾਫ ਦਿਵਾਉਣ ‘ਚ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਮੌਕੇ ਕੌਂਸਲ ਦੀ ਚੇਅਰਪਰਸਨ ਏਜਲਾ ਓਵਨ ਨੇ ਅਹਿਮ ਐਲਾਨ ਕੀਤਾ ਕਿ ਮਨਮੀਤ ਸ਼ਰਮਾ ਦੀ ਯਾਦ ਨੂੰ ਸਦੀਵੀ ਕਰਨ ਲਈ ਲਕਸਵਰਥ ਪਲੇਸ ਪਾਰਕ ਮਨਮੀਤ ਪੈਰਾਡਾਈਜ਼ ਦੇ ਨਾਂਅ ਨਾਲ ਜਾਣਿਆ ਜਾਵੇਗਾ। ਮਨਮੀਤ ਅਲੀਸ਼ੇਰ ਦੇ ਪਰਵਾਰ ਵੱਲੋਂ ਸਥਾਨਕ ਪ੍ਰਸ਼ਾਸਨ ਤੇ ਭਾਰਤੀ ਦੂਤਘਰ ਰਾਹੀਂ ਆਸਟਰੇਲਿਆ ਅਤੇ ਭਾਰਤ ਸਰਕਾਰ ਨੂੰ ਮੰਗ ਪੱਤਰ ਦੇ ਕੇ ਕੇਸ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਗਈ। ਮ੍ਰਿਤਕ ਦੇ ਪਿਤਾ ਰਾਮ ਸਰੂਪ, ਮਾਤਾ ਕ੍ਰਿਸ਼ਨਾ ਦੇਵੀ ਅਤੇ ਪਰਵਾਰ ਵੱਲੋਂ ਮਨਮੀਤ ਦਾ ਬੁੱਤ ਮਰੂਕਾ ਦੇ ਕੌਂਸਲ ਦਫਤਰ ‘ਚ ਸਥਾਪਤ ਕਰਨ ਲਈ ਬ੍ਰਿਸਬੇਨ ਸਿਟੀ ਕੌਂਸਲ ਦੇ ਪ੍ਰਤੀਨਿਧਾਂ ਨੂੰ ਸੌਂਪਿਆ ਗਿਆ। ਇਸ ਕੇਸ ਵਿੱਚ ਸਹਿਯੋਗੀ ਭੂਮਿਕਾ ਨਿਭਾਉਣ ਵਾਲੇ ਪ੍ਰਮੁੱਖ ਲੋਕਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਤ ਕੀਤਾ ਗਿਆ। ਸ਼ਾਮ ਨੂੰ ਬ੍ਰਿਸਬੇਨ ਦੀ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਨੇ ਮਨਮੀਤ ਅਲੀਸ਼ੇਰ ਦੇ ਯਾਦ ਵਿੱਚ ਕਵੀ ਦਰਬਾਰ ਆਯੋਜਤ ਕੀਤਾ, ਜਿਸ ਵਿੱਚ ਸਥਾਨਕ ਕਵੀਆਂ ਤੇ ਕਵਿੱਤਰੀਆਂ ਦੇ ਕਾਫਲੇ ਦਾ ਦੂਸਰਾ ਸਾਂਝਾ ਕਾਵਿ-ਸੰਗ੍ਰਹਿ ‘ਸ਼ਬਦਾਂ ਦੀ ਪਰਵਾਜ਼’ ਮਨਮੀਤ ਅਲੀਸ਼ੇਰ ਦੇ ਪਰਵਾਰ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ।










#punjabinews

No comments:

Post a Comment