Monday, April 24, 2017

ਸਾਰਜੈਂਟ ਬੀ ਜੇ ਸੰਧੂ ਜੇਤੂ!



zzzzzzzz-300x1111ਜੱਜ ਨੇ ਪੀਲ ਪੁਲੀਸ ਨੂੰ ਲਿਆ ਕਰੜੇ ਹੱਥੀਂ
ਟੋਰਾਂਟੋ ਪੋਸਟ ਬਿਉਰੋ: ਆਪਣੇ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਨੂੰ ਦਰੁਸਤ ਕਰਨ ਲਈ ਉਂਟੇਰੀਓ ਮਨੁੱਖੀ ਅਧਿਕਾਰ ਟ੍ਰਿਬਿਊਨ ਕੋਲ ਪੀਲ ਪੁਲੀਸ ਵਿਰੁੱਧ ਕੇਸ ਕਰਨ ਵਾਲੇ ਸਾਰਜੈਂਟ ਬੀ ਜੇ ਸੰਧੂ (ਅਸਲੀ ਨਾਮ ਬਲਜੀਵਨ ਸਿੰਘ ਸੰਧੂ) ਦੀ ਮਨੁੱਖੀ ਅਧਿਕਾਰ ਅਦਾਲਤ ਵਿੱਚ ਵੱਡੀ ਜਿੱਤ ਹੋਈ ਹੈ। ਮਨੁੱਖੀ ਅਧਿਕਾਰ ਟ੍ਰਿਬਿਊਨਲ ਦੇ ਜੱਜ ਬਰੂਸ ਬੈਸਟ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਬੀ ਜੇ ਸੰਧੂ ਨੂੰ ਤਰੱਕੀ ਤੋਂ ਬਾਂਝਾ ਰੱਖਕੇ ਪੀਲ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਸਾਊਥ ਏਸ਼ੀਅਨ ਨਾਲ ਸਬੰਧਿਤ ਇਸ ਮਿਹਨਤੀ ਅਫ਼ਸਰ ਨਾਲ ਹੀ ਵਿਤਕਰਾ ਨਹੀਂ ਕੀਤਾ ਸਗੋਂ ਸੀਨੀਅਰ ਪੁਲੀਸ ਅਧਿਕਾਰੀ ਪੀਲ ਰੀਜਨ ਵਿੱਚ ਵੱਡੀ ਤਾਦਾਤ ਵਿੱਚ ਵੱਸਦੀ ਸਾਊਥ ਏਸ਼ੀਅਨ ਕਮਿਉਨਿਟੀ ਲਈ ਕੀਤੇ ਉਸਦੇ ਜਿ਼ਕਰਯੋਗ ਕੰਮ ਦੀ ਬੁੱਕਤ ਪਾਉਣ ਵਿੱਚ ਵੀ ਅਸਫ਼ਲ ਰਹੇ ਹਨ।


ਆਪਣੇ ਕੇਸ ਵਿੱਚ ਬੇ ਜੀ ਸੰਧੂ ਨੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਗੁਹਾਰ ਕੀਤੀ ਸੀ ਕਿ ਹਰ ਪੱਖ ਤੋਂ ਕਾਬਲ ਅਤੇ ਯੋਗ ਹੋਣ ਦੇ ਬਾਵਜੂਦ 2013 ਵਿੱਚ ਉਸਨੂੰ ਇਨਸਪੈਕਟਰ ਦੀ ਤਰੱਕੀ ਨਹੀਂ ਦਿੱਤੀ ਗਈ ਕਿਉਂਕਿ ਉਹ ਰੰਗ ਦਾ ਭੂਰਾ ਅਤੇ ਉਸਦੇ ਕਈ ਸੀਨੀਅਰ ਅਧਿਕਾਰੀਆਂ ਦੀ ਨਜ਼ਰ ਵਿੱਚ ਪੱਛੜੀ ਕਮਿਉਨਿਟੀ ਨਾਲ ਸਬੰਧਿਤ ਮੁਲਾਜ਼ਮ ਸੀ।


28 ਸਾਲਾਂ ਤੋਂ ਵੱਧ ਸ਼ਾਨਦਾਰ ਪੁਲੀਸ ਸੇਵਾ ਕਰਨ ਵਾਲੇ ਸੰਧੂ ਨੂੰ ਹਰ ਮੋੜ ਉੱਤੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਪੁਲੀਸ ਦੇ ਜਿਹਨਾਂ ਸੀਨੀਅਰ ਅਫ਼ਸਰਾਂ ਦੀ ਜੁੰਮੇਵਾਰੀ ਆਪਣੇ ਜੂਨੀਅਰਾਂ ਨੂੰ ਹੱਲਾਸ਼ੇਰੀ ਦੇਣਾ ਅਤੇ ਹੌਸਲਾ ਅਫ਼ਜ਼ਾਈ ਕਰਨਾ ਹੁੰਦਾ ਹੈ, ਉਹਨਾਂ ਵੱਲੋਂ ਬੀ ਜੇ ਸੰਧੂ ਦੀਆਂ ਵੱਡੀਆਂ ਪ੍ਰਾਪਤੀਆਂ ਨੂੰ ਕਦਮ ਕਦਮ ਉੱਤੇ ਨਿਗੂਣਾ ਕਰਕੇ ਵੇਖਿਆ ਗਿਆ। ਐਨਾ ਹੀ ਨਹੀਂ ਸਗੋਂ ਉਸਨੂੰ ਵੱਖ ਵੱਖ ਮੌਕੇ ਮੀਟਿੰਗਾਂ ਵਿੱਚ ‘ਗੰਵਾਰ ਕਮਿਉਨਿਟੀ ਦਾ ਗੰਵਾਰ ਮੁਲਾਜ਼ਮ’ ਵਰਗੇ ਕੌੜੇ ਅਤੇ ਮਨੁੱਖੀ ਮਾਨਸਿਕਤਾ ਨੂੰ ਧੱਕਾ ਮਾਰਨ ਵਾਲੇ ਸ਼ਬਦਾਂ ਨਾਲ ਨਿਵਾਜੇ ਜਾਣ ਦਾ ਦਰਦ ਵੀ ਹੰਢਾਉਣਾ ਪੈਂਦਾ ਸੀ।


ਮਨੁੱਖੀ ਅਧਿਕਾਰ ਕਮਿਸ਼ਨ ਦੀ ਅਦਾਲਤ ਨੂੰ ਸੰਧੂ ਨੇ ਦੱਸਿਆ ਕਿ ਕਿਵੇਂ ਪੁਲੀਸ ਦੀ ਨੌਕਰੀ ਜੁਆਇਨ ਕਰਨ ਦੇ ਪਹਿਲੇ ਹਫ਼ਤੇ ਹੀ ਉਸਦੇ ਸਾਥੀ ਅਫ਼ਸਰਾਂ ਵੱਲੋਂ ਉਸਨੂੰ ‘ਪਾਕੀ’ ਅਤੇ ‘ਟੈਕਸੀ ਡਰਾਈਵਰਾਂ ਦੀ ਕਮਿਉਨਿਟੀ’ ਚੋਂ ਆਉਣ ਵਾਲਾ ਆਖ ਕੇ ਬੇਸ਼ਰਮ ਕੀਤਾ ਜਾਣ ਲੱਗ ਪਿਆ ਸੀ।


ਸੰਧੂ ਨੂੰ ਮਹਿਕਮੇ ਅੰਦਰ ਸਿਖਲਾਈ ਦੇ ਅਵਸਰਾਂ ਤੋਂ ਵਾਂਝਾ ਰੱਖਿਆ ਜਾਣਾ ਆਮ ਗੱਲ ਸੀ। ਉਸ ਨਾਲ ਕਈ ਵਾਰ ਅਜਿਹਾ ਹੋਇਆ ਕਿ ਉਸਦੀ ਅਰਜ਼ੀ ਹਰ ਪੱਖ ਤੋਂ ਮੁਕੰਮਲ ਹੋਣ ਦੇ ਬਾਵਜੂਦ ਸੀਨੀਅਰਾਂ ਦੇ ਟੇਬਲਾਂ ਦੀ ਧੂੜ ਵਿੱਚ ਗੁਆਚੀ ਰਹਿੰਦੀ ਸੀ।


ਬੀ ਜੇ ਸੰਧੂ ਕੋਲ ਹੁਣ 35 ਦਿਨ ਦਾ ਸਮਾਂ ਹੈ ਜਿਸ ਦੌਰਾਨ ਉਹ ਪੀਲ ਪੁਲੀਸ ਕੋਲ ਇਸ ਜਿੱਤ ਦੀ ਬੁਨਿਆਦ ਉੱਤੇ ਖੁਦ ਨਾਲ ਹੋਏ ਧੱਕੇ ਦੇ ਹੱਲ ਲਈ ਚਿੱਠੀ ਪੱਤਰ ਕਰ ਸਕੇਗਾ। ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕੇਸ ਦਰਜ਼ ਹੋਣ ਤੋਂ ਬਾਅਦ ਪੰਜਾਬੀ ਪੋਸਟ ਨਾਲ ਇਸ ਵਿਸ਼ੇਸ਼ ਮੁਲਾਕਾਤ ਵਿੱਚ ਬੇ ਜੀ ਸੰਧੂ ਦੀ ਵਕੀਲ ਕੈਲ ਬਰਾਇਨ ਨੇ ਆਖਿਆ ਸੀ ਕਿ ਕਿਸੇ ਦਿਨ ਪੰਜਾਬੀ ਭਾਈਚਾਰੇ ਨੂੰ ਸੰਧੂ ਵੱਲੋਂ ਵਿੱਢੀ ਲੜਾਈ ਉੱਤੇ ਬਹੁਤ ਮਾਣ ਹੋਵੇਗਾ। ਕੈਲ ਬਰਾਇਨ ਦਾ ਆਖਿਆ ਸੱਚ ਹੋ ਨਿੱਬੜਿਆ ਹੈ।


ਬੀ ਜੇ ਸੰਧੂ ਦੀ ਜਿੱਤ ਹਿੰਮਤ, ਦਲੇਰੀ, ਧੀਰਜ ਅਤੇ ਆਪਣੇ ਇਰਾਦੇ ਪ੍ਰਤੀ ਦ੍ਰਿੜਤਾ ਦਾ ਉਹ ਮੰਜਰ ਹੈ ਜਿਸਨੂੰ ਸਰ ਕਰਨ ਵਾਸਤੇ ਸਿਰੜੀ ਵਿਅਕਤੀਆਂ ਨੂੰ ਕੈਰੀਅਰ ਅਤੇ ਨਿੱਜੀ ਪੱਧਰ ਉੱਤੇ ਵੱਡੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ। ਅਜਿਹਾ ਬੀ ਜੇ ਸੰਧੂ ਨਾਲ ਵੀ ਹੋਇਆ ਹੈ। ਇੱਕ ਤਾਂ ਉਸਨੂੰ ਕਾਬਲ ਹੋਣ ਦੇ ਬਾਵਜੂਦ ਤਰੱਕੀ ਨਾ ਮਿਲਣ ਦਾ ਸੰਤਾਪ ਹੰਢਾਉਣਾ ਪਿਆ। ਦੂਜਾ ਬੀ ਜੇ ਸੰਧੂ ਦਾ ਪਿਤਾ ਇਸ ਸੱਚ ਨੂੰ ਸੀਨੇ ਵਿੱਚ ਲੈ ਕੇ ਫਾਨੀ ਸੰਸਾਰ ਤੋਂ ਕੂਚ ਕਰ ਗਿਆ ਕਿ ਕਿਵੇਂ ਉਸਦਾ ਇਮਾਨਦਾਰ ਬੇਟਾ ਵਿਤਕਰੇ ਭਰੇ ਸਿਸਟਮ ਦੇ ਅੜਿੱਕੇ ਚੜਿਆ ਹੋਇਆ ਹੈ। ਦਾਦ ਦੇਣੀ ਹੋਵੇਗੀ ਬੀ ਜੇ ਸੰਧੂ ਨੂੰ ਜਿਸਨੇ ਆਪਣੇ ਕੈਰੀਅਰ ਦੇ ਅਤੀਅੰਤ ਕੌੜੇ ਸਮੇਂ ਦੌਰਾਨ ਵੀ ‘ਪੁੱਤਰ ਧਰਮ’ ਨੂੰ ਨਿਭਾਉਂਦੇ ਹੋਏ ਪਿਤਾ ਸੇਵਾ ਵਿੱਚ ਕਸਰ ਨਹੀਂ ਰਹਿਣ ਦਿੱਤੀ ਅਤੇ 2200 ਤੋਂ ਵੱਧ ਨਫ਼ਰੀ ਵਾਲੀ ਮਜ਼ਬੂਤ ਪੁਲੀਸ ਫੋਰਸ ਦੇ ਵੱਡੇ ਡਾਢਿਆਂ ਨਾਲ ਮੱਥਾ ਲੈ ਕੇ ਇਸਨਾਫ਼ ਦੀ ਗੁਹਾਰ ਨੂੰ ਮੱਧਮ ਨਹੀਂ ਪੈਣ ਦਿੱਤਾ।


ਮਨੁੱਖੀ ਅਧਿਕਾਰ ਕਮਿਸ਼ਨ ਦੇ ਫੈਸਲੇ ਨੇ ਇਹ ਤੈਅ ਕਰ ਦਿੱਤਾ ਹੈ ਕਿ ਕਦੇ ਉਹ ਵੇਲਾ ਜਰੂਰ ਆਵੇਗਾ ਜਦੋਂ ਪੀਲ ਪੁਲੀਸ ਦੇ ਐਥਨਿਕ ਭਾਈਚਾਰੇ ਪ੍ਰਤੀ ਵਰਤਾਰੇ ਵਿੱਚ ਤਬਦੀਲੀ ਲਿਆਉਣ ਵਾਸਤੇ ਸਾਰਜੈਂਟ ਬੀ ਜੇ ਸੰਧੂ ਦਾ ਨਾਮ ‘ਜੱਗੇ ਜੱਟ’ ਦੀ ਬਹਾਦਰੀ ਵਾਗੂੰ ਦੰਦ ਕਥਾ ਬਣ ਜਾਵੇਗਾ। ਸੰਧੂ ਵੱਲੋਂ ਲੜੀ ਲੰਬੀ ਅਤੇ ਕੌੜੀ ਜੰਗ ਬਦੌਲਤ ਐਥਨਿਕ ਭਾਈਚਾਰੇ ਦੇ ਅਫ਼ਸਰਾਂ ਦੀ ਕਾਰਗੁਜ਼ਾਰੀ ਨੂੰ ਨੀਵਾਂ ਕਰਕੇ ਵੇਖਣ ਵਾਲਿਆਂ ਦੀ ਜੁਬਾਨ ਨੂੰ ਤਾਲੇ ਲੱਗ ਜਾਣੇ ਵੀ ਸੰਭਵ ਹਨ।


ਬਲਜੀਵਨ ਸਿੰਘ ਸੰਧੂ ਉਹਨਾਂ ਵਿਅਕਤੀਆਂ ਵਿੱਚੋਂ ਹੋ ਨਿਬੜਿਆ ਹੈ ਜੋ ਆਪਣੇ ਨਾਮ ਦੇ ਅਰਥਾਂ ਨੂੰ ਸੱਚ ਦਾ ਜਾਮਾ ਪਹਿਨਾ ਦੇਂਦੇ ਹਨ। ਉਸਨੇ ਸਿੱਧ ਕਰ ਦਿੱਤਾ ਕਿ ਇੱਕ ਬਲਸ਼ਾਲੀ ਜੀਵਨ ਹੀ ਕੁੱਝ ਸਾਰਥਕ ਪ੍ਰਾਪਤੀਆਂ ਦੇ ਯੋਗ ਬਣਦਾ ਹੈ। ਮਨੁੱਖੀ ਅਧਿਕਾਰ ਕਮਿਸ਼ਨ ਦੀ ਅਦਾਲਤ ਵਿੱਚ ਪੈਂਦੀਆਂ ਤਾਰੀਕਾਂ ਵਿੱਚ ਕੱਲੇ ਕਾਰੇ ਸੰਧੂ ਨੂੰ ਬਹੁਤ ਵਾਰੀ ਬਾਵਰਦੀ ਸੀਨੀਅਰ ਅਫ਼ਸਰਾਂ ਦੀਆਂ ‘ਸਟੇਨਗੰਨ’ ਵਰਗੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਤਾ ਲੱਗਾ ਹੈ ਕਿ ਇਹਨਾਂ ਵਿੱਚੋਂ ਬਹੁਤਿਆਂ ਦਾ ਪੇਸ਼ੀ ਵਾਲੇ ਦਿਨ ਅਦਾਲਤ ਵਿੱਚ ਕੋਈ ਰੋਲ ਨਹੀਂ ਸੀ ਹੁੰਦਾ ਲੇਕਿਨ ਇਹ ਵਰਦੀਧਾਰੀ ਪਬਲਿਕ ਦੇ ਸੇਵਾਦਾਰ ਇਸ ਲਈ ਜਾਂਦੇ ਸਨ ਤਾਂ ਕਿ ਉਹਨਾਂ ਦੇ ਰੋਹਬ ਠਾਠ ਨੂੰ ਵੇਖ ਸੰਧੂ ਦਾ ਸਾਹ ਤ੍ਰਬਕਦਾ ਰਹੇ।


ਖੈਰ, ‘ਜਿਨ ਸੱਚ ਪੱਲੇ ਹੋਇ’ ਦੀ ਧਾਰਨਾ ਨੂੰ ਸਾਹਮਣੇ ਰੱਖ ਉਹ ਹਰ ਵਾਰ ਅਦਾਲਤ ਵਿੱਚ ਆਪਣਾ ਰੋਲ ਅਦਾ ਕਰ ਵਾਪਸ ਬਿਮਾਰ ਪਿਤਾ ਦੇ ਚਰਨਾਂ ਵਿੱਚ ਆ ਬੈਠ ਜਾਂਦਾ ਸੀ। ਸੰਧੂ ਦਾ ਕੇਸ ਜਿੱਤਣਾ ਉਸਨੂੰ ਤਰੱਕੀ ਤਾਂ ਦੇਵੇਗਾ ਹੀ ਪਰ ਜੰਗ ਵਰਗੀ ਹਾਲਤ ਵਿੱਚ ਵੀ ਆਪਣੇ ਪਿਤਾ ਦਾ ਖਿਆਲ ਰੱਖਣਾ ਉਸਨੂੰ ਚੰਗੇ ਨਸੀਬਾਂ ਵਾਲੇ ਵਿਅਕਤੀਆਂ ਦੀ ਕਤਾਰ ਵਿੱਚ ਖੜਾ ਕਰੇਗਾ। ਮੁਮਕਿਨ ਹੈ ਕਿ ਸੰਧੂ ਵੱਲੋਂ ਹੱਕ ਸੱਚ ਲਈ ਲੜੀ ਲੜਾਈ ਕੱਲ ਨੂੰ ਕਮਿਉਨਿਟੀ ਵਿੱਚੋਂ ਹੋਰ ਵੀ ਚੰਗੇ ਅਤੇ ਅਸਰਦਾਰ ਆਗੂਆਂ ਅਤੇ ਅਫ਼ਸਰਾਂ ਦੀ ਪਨੀਰੀ ਨੂੰ ਪਨਪਣ ਵਿੱਚ ਸਹਾਈ ਕਰੇ। ਉਸਦਾ ਪਿਤਾ ਕਿਤੇ ਦੂਰ ਰੱਬ ਦੇ ਘਰ ਬੈਠਾ ਸਕੂਨ ਜਰੂਰ ਮਹਿਸੂਸ ਕਰ ਰਿਹਾ ਹੋਵੇਗਾ। ਸੰਧੂ ਵਾਸਤੇ ਇਹੋ ਹੀ ਇਸ ਜਿੱਤ ਦਾ ਅਸਲ ਹਾਸਲ ਹੈ।







#punjabinews

No comments:

Post a Comment