Monday, April 24, 2017

ਪੰਜ ਪੈਸੇ ਦੀ ਕੀਮਤ





-ਦਰਸ਼ਨ ਸਿੰਘ
‘ਖਰਚ ਤਾਂ ਕਰੋ, ਫਜ਼ੂਲ ਖਰਚੀ ਨਹੀਂ..।’ ਇਹ ਗੱਲ ਸਾਡੇ ਬਾਪੂ ਜੀ ਸਾਨੂੰ ਸਮਝਾਉਂਦੇ ਰਹਿੰਦੇ ਸਨ। ਹੁਣ ਦੇ ਨਵੇਂ ਨੋਟਾਂ ਵਾਂਗ ਉਦੋਂ ਨਵੇਂ ਸਿੱਕੇ ਆਏ ਸਨ, ਜਿਨ੍ਹਾਂ ਨੂੰ ‘ਨਵੇਂ ਪੈਸੇ’ ਕਿਹਾ ਜਾਂਦਾ ਸੀ। ਇਕ, ਦੋ, ਤਿੰਨ, ਪੰਜ, ਦਸ, ਪੱਚੀ ਅਤੇ ਪੰਜਾਹ ਪੈਸਿਆਂ ਦੇ ਰੂਪ ਵਿੱਚ ਇਹ ਸਿੱਕੇ ਮਿਲਦੇ ਸਨ। ਸਾਨੂੰ ਖਰਚਣ ਲਈ ਵੱਧ ਤੋਂ ਵੱਧ ਦਸ ਪੈਸੇ ਹੀ ਮਿਲਦੇ, ਜੋ ਸਾਡੀਆਂ ਲੋੜਾਂ ਪੂਰੀਆਂ ਕਰਨ ਲਈ ਕਾਫੀ ਸਨ। ਸਕੂਲੀ ਵਿੱਦਿਆ ਪ੍ਰਾਪਤ ਕਰਨ ਪਿੱਛੋਂ ਉਚੇਰੀ ਸਿੱਖਿਆ ਲਈ ਜਦੋਂ ਮੈਂ ਕਾਲਜ ਕਦਮ ਧਰੇ ਤਾਂ ਖਰਚ ਵਧ ਕੇ ਰੁਪਈਆਂ ਵਿੱਚ ਹੋ ਗਿਆ। ਪੰਜ, ਦਸ ਪੈਸੇ ਜੇਬ ਵਿੱਚ ਪਾਈ ਫਿਰਨ ਨਾਲ ਸ਼ਰਮ ਜਿਹੀ ਆਉਣ ਲੱਗ ਪਈ। ‘ਪੰਜੀ, ਦਸੀ ਦਾ ਜ਼ਮਾਨਾ ਗਿਆ ਹੁਣ’, ਇਹ ਗੱਲ ਕਈ ਵਾਰ ਅਸੀਂ ਸਹਿਜ ਭਾਅ ਕਹਿ ਦਿੰਦੇ ਸੀ।
ਘਰ ਤੋਂ ਦੂਰ ਜਲੰਧਰ ਦੇ ਇਕ ਕਾਲਜ ਦਾ ਮੈਂ ਵਿਦਿਆਰਥੀ ਸੀ। ਇਥੇ ਰਹਿਣ ਲਈ ਕਿਰਾਏ ਉਪਰ ਕਮਰਾ ਲਿਆ ਹੋਇਆ ਸੀ। ਸੌ ਸਵਾ ਸੌ ਰੁਪਏ ਨਾਲ ਮਹੀਨਾ ਆਸਾਨੀ ਨਾਲ ਲੰਘ ਜਾਂਦਾ ਸੀ। ਇਹ ਗੱਲ ਛੱਤੀ ਸੈਂਤੀ ਸਾਲ ਪਹਿਲੋਂ ਦੀ ਹੈ। ਸਸਤਾ ਜ਼ਮਾਨਾ ਸੀ। ਦੋ ਕੁ ਹਫਤੇ ਪਿੱਛੋਂ ਘਰ ਗੇੜਾ ਮਾਰਦਾ।
ਉਸ ਦਿਨ ਮੈਂ ਘਰ ਆਉਣਾ ਸੀ। ਤਿੰਨ ਕੁ ਛੁੱਟੀਆਂ ਸਨ ਅਤੇ ਜੇਬ ਵੀ ਲਗਭਗ ਖਾਲੀ ਸੀ। ਤਿੰਨ ਕੁ ਰੁਪਏ ਮੇਰੇ ਕੋਲ ਸਨ। ਮੰਗਣਾ ਵੀ ਕਿਸੇ ਕੋਲੋਂ ਚੰਗਾ ਨਾ ਸਮਝਿਆ ਅਤੇ ਬੱਸ ਸਟੈਂਡ ਵੱਲ ਤੁਰ ਪਿਆ। ਚਾਰ ਪੰਜ ਕਿਤਾਬਾਂ ਮੇਰੇ ਕੋਲ ਪੜ੍ਹਨ ਲਈ ਸਨ। ਜਲੰਧਰ ਤੋਂ ਲੁਧਿਆਣਾ ਤੱਕ ਦੀ ਟਿਕਟ ਢਾਈ ਰੁਪਏ ਦੀ ਸੀ। ਟਿਕਟ ਲੈਣ ਪਿੱਛੋਂ ਮੇਰੇ ਕੋਲ ਪੰਜਾਹ ਪੈਸੇ ਬਚੇ ਸਨ। ਲੁਧਿਆਣਾ ਤੱਕ ਦੇ ਸਫਰ ਵਿੱਚ ਮੈਂ ਇਹੋ ਸੋਚਦਾ ਰਿਹਾ ਕਿ ਇਸ ਤੋਂ ਅੱਗੇ ਮੁੱਲਾਂਪੁਰ ਕਿਵੇਂ ਪੁੱਜਾਂਗਾ, ਜਿਸ ਲਈ ਮੈਨੂੰ ਪਚਵੰਜਾ ਪੈਸਿਆਂ ਦੀ ਲੋੜ ਸੀ। ਘੋਰ ਪ੍ਰੇਸ਼ਾਨੀ ਵਿੱਚ ਖਿਆਲੀ ਡੁੱਬਿਆ ਰਿਹਾ। ਪੰਜ ਪੈਸਿਆਂ ਨੇ ਮੇਰੇ ਅੰਦਰ ਬਹੁਤ ਵੱਡੀ ਖਲਬਲੀ ਪੈਦਾ ਕਰ ਦਿੱਤੀ ਸੀ।
ਪਤਾ ਹੀ ਨਾ ਲੱਗਾ ਕਦੋਂ ਲੁਧਿਆਣਾ ਆ ਗਿਆ। ਬੱਸ ਵਿੱਚੋਂ ਉਤਰ ਗਿਆ। ਮੇਰੀਆਂ ਸੋਚਾਂ ਮੇਰੀ ਉਲਝਣ ਦਾ ਹੱਲ ਲੱਭਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਸਨ। ਕਦੀ ਸੋਚਦਾ ਕਿ ਕੁਝ ਕਿਲੋਮੀਟਰ ਪੈਦਲ ਚੱਲ ਕੇ ਘੱਟੋ-ਘੱਟ ਉਥੋਂ ਤੱਕ ਪਹੁੰਚ ਜਾਵਾਂ, ਜਿਥੋਂ ਪੰਜਾਹ ਪੈਸੇ ਦਾ ਟਿਕਟ ਸ਼ੁਰੂ ਹੁੰਦਾ ਹੋਵੇ ਜਾਂ ਫਿਰ ਕੰਡਕਟਰ ਨੂੰ ਤਰਲਾ ਕਰਕੇ ਦੇਖ ਲਵਾਂ। ਬੇਇਜ਼ਤ ਹੋਣ ਦੇ ਅਹਿਸਾਸ ਨੇ ਮੈਨੂੰ ਏਦਾਂ ਕਰਨ ਤੋਂ ਰੋਕਿਆ। ਮੁੱਲਾਂਪੁਰ, ਜਗਰਾਉਂ ਜਾਣ ਵਾਲੀਆਂ ਬੱਸਾਂ ਮੇਰੇ ਮੂਹਰੇ ਲੰਘਦੀਆਂ ਰਹੀਆਂ। ਕੰਡਕਟਰ ਆਵਾਜ਼ਾਂ ਦਿੰਦੇ ਰਹੇ। ਬੇਵੱਸੀ ਦਾ ਝੰਭਿਆ ਮੈਂ ਜਿਉਂ ਦਾ ਤਿਉਂ ਖੜਾ ਸੀ, ਪਰ ਇਕ ਹੋਰ ਨਵੇਂ ਖਿਆਲ ਨੇ ਮੈਨੂੰ ਸਹਾਰਾ ਦਿੱਤਾ। ਰੇਲਵੇ ਸਟੇਸ਼ਨ ਇਥੋਂ ਪੰਜ ਕੁ ਕਿਲੋਮੀਟਰ ਦੂਰੀ ‘ਤੇ ਸੀ। ਗੱਡੀ ਜਾਣ ਵਿੱਚ ਤਿੰਨ ਘੰਟੇ ਦਾ ਲੰਮਾ ਤੇ ਅਕੇਵੇਂ ਭਰਿਆ ਸਮਾਂ ਸੀ। ਇਥੋਂ ਮੁੱਲਾਂਪੁਰ ਦੇ ਪੈਂਤੀ ਪੈਸੇ ਲੱਗਦੇ ਸਨ। ਇਹੋ ਫੈਸਲਾ ਲੈਂਦੇ ਹੋਏ ਮੈਂ ਸਿੱਧਾ ਰੇਲਵੇ ਸਟੇਸ਼ਨ ਵੱਲ ਤੁਰ ਪਿਆ। ਟਿਕਟ ਲੈ ਲਈ ਤੇ ਬਚੇ ਪੰਦਰਾਂ ਪੈਸੇ ਮੁੱਠੀ ਵਿੱਚ ਫੜ ਕੇ ਬੈਂਚ ਉੱਤੇ ਬੈਠਾ ਗੱਡੀ ਉਡੀਕਣ ਲੱਗਾ। ਸਮਾਂ ਲੰਘਾਉਣ ਲਈ ਕਦੀ ਇਧਰ ਉਧਰ ਘੁੰਮਦਾ, ਪਿੱਠ ਉਪਰ ਭਾਰ ਚੁੱਕੀ ਜਾਂਦੇ ਕੁਲੀਆਂ ਨੂੰ ਦੇਖਦਾ, ਭਾਫ ਇੰਜਣ ਦੀ ਹੋ ਰਹੀ ਸ਼ੂੰ-ਸ਼ੂੰ ਨੂੰ ਸੁਣਦਾ ਅਤੇ ਕਦੀ ਜੇਬ ਵਿੱਚ ਬਚਦੇ ਪੰਦਰਾਂ ਪੈਸਿਆਂ ਵਿੱਚ ਪੰਜੀ (ਪੰਜ ਪੈਸੇ) ਨੂੰ ਸਿੱਧਾ ਪੁੱਠਾ ਕਰਕੇ ਦੇਖਦਿਆਂ ਪਤਾ ਨਹੀਂ ਕੀ-ਕੀ ਸੋਚਦਾ ਰਿਹਾ।
ਸ਼ੁਕਰ ਸੀ ਕਿ ਗੱਡੀ ਨੇ ਬਹੁਤਾ ਲੇਟ ਨਹੀਂ ਕੀਤਾ। ਗੱਡੀ ਸਮੇਂ ਸਿਰ ਚੱਲ ਪਈ। ਗੱਡੀਉਂ ਉਤਰ ਕੇ ਸੁੱਖ ਦਾ ਸਾਹ ਲਿਆ, ਭਾਵੇਂ ਘਰ ਪਹੁੰਚਣ ਲਈ ਮੈਂ ਅਜੇ ਦੋ ਤਿੰਨ ਕਿਲੋਮੀਟਰ ਹੋਰ ਪੈਦਲ ਚੱਲਣਾ ਸੀ। ਘਰ ਪਹੁੰਚ ਕੇ ਚਾਹ ਪਾਣੀ ਪੀਣ ਪਿੱਛੋਂ ਜਦੋਂ ਮੈਂ ਸਾਰੀ ਗੱਲ ਦੱਸੀ ਤਾਂ ਹੈਰਾਨੀ ਭਰੀ ਚੁੱਪ ਸਭ ਦੇ ਚਿਹਰਿਆਂ ਉਪਰ ਸੀ। ਪਰ ਬਾਪੂ ਜੀ ਨੇ ਮਾਹੌਲ ਦੀ ਗੰਭੀਰਤਾ ਤੋੜਦੇ ਹੋਏ ਕਿਹਾ, ‘ਚੰਗਾ ਹੋਇਆ ਸਮਝ ਤਾਂ ਆਈ ਕਿ ਪੰਜ ਪੈਸੇ ਵੀ ਕੋਈ ਚੀਜ਼ ਹੁੰਦੇ ਨੇ..।’










#punjabinews

No comments:

Post a Comment