ਮੈਨੀਟੋਬਾ, 24 ਅਪਰੈਲ (ਪੋਸਟ ਬਿਊਰੋ) : ਸਰਹੱਦ ਪਾਰ ਕਰਕੇ ਕੈਨੇਡਾ ਦਾਖਲ ਹੋਣ ਵਾਲਿਆਂ ਦੇ ਗੜ੍ਹ ਰਹੇ ਮੈਨੀਟੋਬਾ ਦਾ ਦੌਰਾ ਕਰਨ ਗਈ ਕੰਜ਼ਰਵੇਟਿਵ ਲੀਡਰਸਿ਼ਪ ਉਮੀਦਵਾਰ ਕੈਲੀ ਲੀਚ ਨੇ ਚੁੱਪ ਚਪੀਤਿਆਂ ਕੈਨੇਡਾ ਵਿੱਚ ਦਾਖਲ ਹੋਣ ਵਾਲਿਆਂ ਤੇ ਪਨਾਹ ਹਾਸਲ ਕਰਨ ਦੇ ਤਲਬਗਾਰਾਂ ਨੂੰ ਫੜ੍ਹੇ ਜਾਣ ਉੱਤੇ ਡੀਪੋਰਟ ਕਰਨ ਦਾ ਤਹੱਈਆ ਪ੍ਰਗਟਾਇਆ ਹੈ।
ਸ਼ੁੱਕਰਵਾਰ ਨੂੰ ਲੀਚ ਮੈਨੀਟੋਬਾ ਵਿੱਚ ਟਾਊਨ ਅਧਿਕਾਰੀਆਂ ਤੇ ਐਮਰਸਨ ਟਾਊਨ ਵਾਸੀਆਂ ਨਾਲ ਮੁਲਾਕਾਤ ਕਰਨ ਲਈ ਗਈ ਸੀ। ਉਹ ਐਲਟੋਨਾ ਤੇ ਮੌਰਿਸ, ਮੈਨੀਟੋਬਾ ਵਿੱਚ ਵੀ ਥੋੜ੍ਹੀ ਦੇਰ ਲਈ ਰੁਕੀ। ਲੀਚ ਨੇ ਆਖਿਆ ਕਿ ਇਹ ਇੱਕ ਗੰਭੀਰ ਮੁੱਦਾ ਹੈ ਤੇ ਇਸ ਲਈ ਬਾਕਾਇਦਾ ਯੋਜਨਾ ਦੀ ਲੋੜ ਹੈ। ਜਿ਼ਕਰਯੋਗ ਹੈ ਕਿ ਕੈਨੇਡਾ ਵਿੱਚ ਪਨਾਹ ਹਾਸਲ ਕਰਨ ਦੇ ਸੈਂਕੜੇ ਚਾਹਵਾਨ ਐਮਰਸਨ ਨੇੜਿਓਂ ਹੁਣ ਤੱਕ ਸਰਹੱਦ ਪਾਰ ਕਰ ਚੁੱਕੇ ਹਨ। ਮੈਨੀਟੋਬਾ ਆਰਸੀਐਮਪੀ ਪਹਿਲੀ ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਹੀ 331 ਪਨਾਹ ਹਾਸਲ ਕਰਨ ਦੇ ਚਾਹਵਾਨਾਂ ਨੂੰ ਹਿਰਾਸਤ ਵਿੱਚ ਲੈ ਚੁੱਕੀ ਹੈ।
ਕਈ ਹੋਰ ਸਰਹੱਦ ਪਾਰ ਕਰਕੇ ਬਿਨਾਂ ਕਿਸੇ ਦੀਆਂ ਨਜ਼ਰਾਂ ਵਿੱਚ ਆਇਆਂ ਵਿਨੀਪੈਗ ਰਾਹੀਂ ਕੈਨੇਡਾ ਦਾਖਲ ਹੋ ਚੁੱਕੇ ਹਨ। ਮੈਨੀਟੋਬਾ ਇੰਟਰਫੇਥ ਇਮੀਗ੍ਰੇਸ਼ਨ ਕਾਉਂਸਲ ਦੀ ਐਗਜੈ਼ਕਟਿਵ ਡਾਇਰੈਕਟਰ ਰੀਟਾ ਚਾਹਲ ਨੇ ਆਖਿਆ ਕਿ ਨਿਊਕਮਰਜ਼ ਨੂੰ ਸੈਟਲ ਕਰਨ ਵਾਲੀ ਏਜੰਸੀ ਵੈਲਕਮ ਪਲੇਸ ਨੇ ਪਿਛਲੇ ਸੁ਼ੱਕਰਵਾਰ ਤੱਕ ਇਸ ਸਾਲ 425 ਰਫਿਊਜੀ ਦਾਅਵੇਦਾਰਾਂ ਦੇ ਪੇਪਰ ਭਰੇ ਹਨ। ਲੀਚ ਨੇ ਆਖਿਆ ਕਿ ਉਹ ਇਸ ਮੁੱਦੇ ਉੱਤੇ ਸਖਤ ਸਟੈਂਡ ਲਵੇਗੀ। ਉਨ੍ਹਾਂ ਆਖਿਆ ਕਿ ਜਿਹੜੇ ਲੋਕ ਸਾਡੇ ਦੇਸ਼ ਵਿੱਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੁੰਦੇ ਹਨ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਜਾਣਾ ਚਾਹੀਦਾ ਹੈ। ਫਿਰ ਉਨ੍ਹਾਂ ਤੋਂ ਸਵਾਲ ਜਵਾਬ ਕਰਨ ਮਗਰੋਂ ਉਨ੍ਹਾਂ ਨੂੰ ਵਾਪਿਸ ਅਮਰੀਕਾ ਭੇਜ ਦਿੱਤਾ ਜਾਣਾ ਚਾਹੀਦਾ ਹੈ।
ਲੀਚ ਨੇ ਆਖਿਆ ਕਿ ਗੈਕਰਕਾਨੂੰਨੀ ਮਾਈਗ੍ਰੇਸ਼ਨ ਉਨ੍ਹਾਂ ਲੋਕਾਂ ਨਾਲ ਧੱਕਾ ਹੈ ਜਿਹੜੇ ਸਹੀ ਢੰਗ ਨਾਲ ਕਾਨੂੰਨੀ ਤੌਰ ਉੱਤੇ ਅਪਲਾਈ ਕਰਦੇ ਹਨ। ਲੀਚ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਵਰ੍ਹਦਿਆਂ ਆਖਿਆ ਕਿ ਉਨ੍ਹਾਂ ਨੇ ਆਪ ਐਮਰਸਨ ਆ ਕੇ ਸਥਿਤੀ ਦਾ ਜਾਇਜ਼ਾ ਲੈਣ ਦੀ ਕੋਸਿ਼ਸ਼ ਵੀ ਨਹੀਂ ਕੀਤੀ। ਉਨ੍ਹਾਂ ਆਖਿਆ ਕਿ ਇਸ ਲਈ ਟਾਊਨ ਦੇ ਅਧਿਕਾਰੀ ਵੀ ਉਨ੍ਹਾਂ ਤੋਂ ਖਫਾ ਹਨ। ਸਾਡੇ ਪ੍ਰਧਾਨ ਮੰਤਰੀ ਨੇ ਕਾਫੀ ਗੈਰਜਿ਼ੰਮੇਵਰਾਨਾਂ ਢੰਗ ਨਾਲ ਇਸ ਪਰੀਪੇਖ ਵਿੱਚ ਆਪਣੀ ਭੂਮਿਕਾ ਨਿਭਾਈ ਹੈ।
#punjabinews
No comments:
Post a Comment