Monday, April 24, 2017

ਸੰਧੂ ਦਾ ਸੰਧੂ ਨਾਲ ਮੁਕਾਬਲਾ: ਬਰੈਂਪਟਨ ਵੈਸਟ ਰਾਈਡਿੰਗ ਕੰਜ਼ਰਵੇਟਿਵ ਪਾਰਟੀ ਨੌਮੀਨੇਸ਼ਨ ਵੀਰਵਾਰ ਨੂੰ





ਬਰੈਂਪਟਨ ਪੋਸਟ ਬਿਉਰੋ: ਜੂਨ 2018 ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਬਰੈਂਪਟਨ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਚੁਣਨ ਲਈ ਨੌਮੀਨੇਸ਼ਨ ਚੋਣ 27 ਅਪਰੈਲ ਦਿਨ ਦਿਨ ਵੀਰਵਾਰ ਨੂੰ ਹੋਣ ਜਾ ਰਹੀ ਹੈ। ਇਸ ਚੋਣ ਵਿੱਚ ਤਿੰਨ ਉਮੀਦਵਾਰ ਹਨ ਜਿਹਨਾਂ ਵਿੱਚੋਂ ਦੋ ਪੰਜਾਬੀ ਰਣਦੀਪ ਸਿੰਘ ਸੰਧੂ ਅਤੇ ਅਮਰਜੋਤ ਸਿੰਘ ਸੰਧੂ ਹਨ ਜਦੋਂ ਕਿ ਤੀਜਾ ਉਮੀਦਵਾਰ ਬਲੈਕ ਕਮਿਉਨਿਟੀ ਨਾਲ ਸਬੰਧਿਤ ਜਰਮੇਨ ਚੈਂਬਰਜ਼ ਹੈ।


ਬੇਸ਼ੱਕ ਜਰਮੇਨ ਚੈਂਬਰਜ਼ ਦਾ ਬਲੈਕ ਕਮਿਉਨਿਟੀ ਖਾਸ ਕਰਕੇ ਯੂਥ ਵਿੱਚ ਕਾਫੀ ਪ੍ਰਭਾਵ ਹੈ ਪਰ ਸਮਝਿਆ ਜਾਂਦਾ ਹੈ ਕਿ ਮੁੱਖ ਮੁਕਾਬਲਾ ਰਣਦੀਪ ਸੰਧੂ ਅਤੇ ਅਮਰਜੋਤ ਸੰਧੂ ਦਰਮਿਆਨ ਹੋਵੇਗਾ। ਇਹਨਾਂ ਦੋਵਾਂ ਦੀ ਕਿਸਮਤ ਦਾ ਪਲੱੜਾ ਵੀ ਉਸ ਦੇ ਹੱਕ ਵਿੱਚ ਭਾਰੀ ਹੋਣ ਦੇ ਆਸਾਰ ਹਨ ਜੋ ਵੀਰਵਾਰ ਵਾਲੇ ਦਿਨ ਵਧੇਰੇ ਵਾਲੰਟੀਅਰਾਂ ਨੂੰ ਇੱਕਤਰ ਕਰਕੇ ਕੰਜ਼ਰਵੇਟਿਵ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਵਿੱਚ ਕਾਮਯਾਬ ਹੋ ਜਾਵੇਗਾ। ਨੌਮੀਨੇਸ਼ਨ ਚੋਣਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਮਾਹਰਤਾ ਰੱਖਣ ਵਾਲੇ ਸਿਆਸੀ ਆਲੋਚਕਾਂ ਦਾ ਮੰਨਣਾ ਹੈ ਕਿ ਬਰੈਂਪਟਨ ਵੈਸਟ ਦੀ ਕੰਜ਼ਰਵੇਟਿਵ ਦੀ ਨੌਮੀਨੇਸ਼ਨ ਚੋਣ ਵੀ ਐਥਨਿਕ ਰਾਈਡਿੰਗ ਵਿੱਚ ਪ੍ਰਚੱਲਤ ਰੁਝਾਨ ਨੂੰ ਬਰਕਰਾਰ ਰੱਖੇਗੀ। ਪ੍ਰਚੱਲਤ ਰੁਝਾਨ ਦਾ ਅਰਥ ਹੈ ਕਿ ਉਮੀਦਵਾਰ ਆਪਣੀ ਵਿੱਤ ਮੁਤਾਬਕ ਜੋਰ ਲਾ ਕੇ ਨਿੱਜੀ ਬਲਬੂਤੇ ਉੱਤੇ ਪਾਰਟੀ ਦੇ ਮੈਂਬਰ ਬਣਾਉਂਦੇ ਹਨ ਅਤੇ ਚੋਣ ਵਾਲੇ ਦਿਨ ਆਪਣੇ ਚਹੇਤਿਆਂ ਦੇ ਬਾਹੂਬਲ ਸਹਾਰੇ ਚੋਣ ਕੇਂਦਰ ਵਿੱਚ ਲਿਜਾਣ ਦਾ ਤਰੱਦਦ ਕਰਦੇ ਹਨ।


ਦਸ਼ਮੇਸ਼ ਅਕਾਦਮੀ ਆਨੰਦਪੁਰ ਸਾਹਿਬ ਵਿੱਚ ਸਕੂਲ ਜਾਣ ਵਾਲੇ ਰਣਦੀਪ ਸਿੰਘ ਸੰਧੂ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ ਟੈੱਕ ਦੀ ਡਿਗਰੀ ਹਾਸਲ ਕਰਕੇ 1997 ਵਿੱਚ ਕੈਨੇਡਾ ਆਇਆ ਸੀ। ਸ਼ੁਰੂਆਤੀ ਜਦੋਜਹਿਦ ਤੋਂ ਬਾਅਦ ਉਸਨੇ ਇੱਕ ਸਫ਼ਲ ਟਰਕਿੰਗ ਕੰਪਨੀ ਲੋਡ ਸਾਲਿਊਸ਼ਨਜ਼ ਸਥਾਪਿਤ ਕੀਤੀ ਹੈ ਅਤੇ ਬਰੈਂਪਟਨ ਵਿੱਚ ਲੰਬੇ ਸਮੇਂ ਤੋਂ ਵੱਖ ਵੱਖ ਸੰਸਥਾਵਾਂ ਨਾਲ ਜੁੜ ਕੇ ਕਮਿਉਨਿਟੀ ਵਿੱਚ ਯੋਗਦਾਨ ਪਾਇਆ ਹੈ। ਪਿਛਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਉਹ ਲਿਬਰਲ ਐਮ ਪੀ ਪੀ ਵਿੱਕ ਢਿੱਲੋਂ ਦੇ ਖਿਲਾਫ਼ ਬਰੈਂਪਟਨ ਵੈਸਟ ਤੋਂ ਚੋਣ ਲੜ ਚੁੱਕਿਆ ਹੈ। ਸਨੋਬਰ ਢਿੱਲੋਂ ਗਰੁੱਪ ਰਣਦੀਪ ਢਿੱਲੋਂ ਦਾ ਸਾਥ ਦੇ ਰਿਹਾ ਹੈ।


ਨੈੱਟਵਰਕਿੰਗ ਤਕਨਾਲੋਜੀ ਵਿੱਚ ਪੋਸਟ ਗਰੈਜੁਏਟ ਅਮਰਜੋਤ ਸੰਧੂ ਬਰੈਂਪਟਨ ਵੈਸਟ ਤੋਂ ਕੰਜ਼ਰਵੇਟਿਵ ਨੌਮੀਨੇਸ਼ਨ ਲਈ ਦੂਜਾ ਪੰਜਾਬੀ ਉਮੀਦਵਾਰ ਹੈ ਜਿਸਦੀ ਪਿੱਠ ਉੱਤੇ ਮਨਜੀਤ ਗਿੱਲ ਅਤੇ ਗੁਰਦੇਵ ਗਿੱਲ ਹੋਰਾਂ ਦਾ ਧੜਾ ਖੜਾ ਹੈ। ਅਮਰਜੋਤ ਸੰਧੂ ਕੁੱਝ ਸਾਲ ਪਹਿਲਾਂ ਇੰਟਰਨੈਸ਼ਨਲ ਸਟੂਡੈਂਟ ਵਜੋਂ ਕੈਨੇਡਾ ਆਇਆ ਸੀ ਅਤੇ ਅੱਜ ਕੱਲ ਰੀਅਲ ਐਸਟੇਟ ਦੇ ਕਾਰਬੋਾਰ ਵਿੱਚ ਕਾਰਜਰਤ ਹੈ। ਉਸਦਾ ਕੈਨੇਡੀਅਨ ਯੂਥ ਅਤੇ ਅੰਤਰਰਾਸ਼ਟਰੀ ਵਿੱਦਿਆਰਥੀਆਂ ਵਿੱਚ ਚੰਗਾ ਖਾਸਾ ਪ੍ਰਭਾਵ ਹੈ ਅਤੇ ਲੰਬੇ ਸਮੇਂ ਤੋਂ ਕੰਜ਼ਰਵੇਟਿਵ ਪਾਰਟੀ ਨਾਲ ਜੁੜਿਆ ਆ ਰਿਹਾ ਹੈ। ਸਾਬਕਾ ਐਮ ਪੀ ਪਰਮ ਗਿੱਲ ਲਈ ਚੋਣ ਮੁਹਿੰਮਾਂ ਵਿੱਚ ਜੁੜੇ ਰਹੇ ਅਮਰਜੋਤ ਦਾ ਸਿਆਸੀ ਚੋਣ ਮੁਹਿੰਮਾਂ ਚਲਾਉਣ ਦਾ ਜਿ਼ਕਰਯੋਗ ਅਨੁਭਵ ਹੈ।


ਨੌਮੀਨੇਸ਼ਨ ਚੋਣ ਬੋਵੇਰਡ ਬੈਂਕੁਇਟ ਹਾਲ ਵਿੱਚ ਵੀਰਵਾਰ ਨੂੰ ਸ਼ਾਮੀ 5 ਵਜੇ ਤੋਂ 9 ਵਜੇ ਤੱਕ ਹੋਵੇਗੀ।










#punjabinews

No comments:

Post a Comment