* ਮਮਤਾ, ਕੇਜਰੀਵਾਲ ਗ਼ੈਰਹਾਜ਼ਰ, ਸਿਹਤ ਖਰਾਬੀ ਕਾਰਨ ਕੈਪਟਨ ਨਹੀਂ ਗਏ
ਨਵੀਂ ਦਿੱਲੀ, 23 ਅਪਰੈਲ, (ਪੋਸਟ ਬਿਉਰੋ)- ਅੱਜ ਏਥੇ ਹੋਈ ਨੀਤੀ ਆਯੋਗ ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਰਕਾਰਾਂ ਨੂੰ ਕਿਹਾ ਕਿ ਪਹਿਲੀ ਜੁਲਾਈ ਤੋਂ ਜੀ ਐਸ ਟੀ ਲਾਗੂ ਕਰਨ ਲਈ ਉਨ੍ਹਾਂ ਨੂੰ ਬਿਨਾਂ ਦੇਰੀ ਤੋਂ ਵਿਧਾਨਕ ਪ੍ਰਬੰਧ ਕਰਨੇ ਚਾਹੀਦੇ ਹਨ। ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਨੇ ਰਾਜ ਸਰਕਾਰਾਂ ਨੂੰ ਪੂੰਜੀਗਤ ਖਰਚੇ ਤੇ ਬੁਨਿਆਦੀ ਢਾਂਚੇ ਦੀ ਕਾਇਮੀ ਵਿੱਚ ਤੇਜ਼ੀ ਲਿਆਉਣ ਦਾ ਸੱਦਾ ਦਿੱਤਾ ਹੈ।
ਆਜ਼ਾਦੀ ਦੇ ਵਕਤ ਤੋਂ ਚੱਲਦੇ ਆਏ ਯੋਜਨਾ ਕਮਿਸ਼ਨ ਨੂੰ ਉਸ ਦੀ ਥਾਂ ਨਵੇਂ ਬਦਲ ਕੇ ਬਣਾਏ ਗਏ ‘ਨੀਤੀ ਆਯੋਗ’ ਦੀ ਗਵਰਨਿੰਗ ਕੌਂਸਲ ਦੀ ਅੱਜ ਹੋਈ ਤੀਸਰੀ ਮੀਟਿੰਗ ਦੇ ਸਮਾਪਤੀ ਭਾਸ਼ਣ ਪ੍ਰਧਾਨ ਮੰਤਰੀ ਨੇ ਰਾਜਾਂ, ਸਥਾਨਕ ਅਦਾਰਿਆਂ ਅਤੇ ਗੈਰ ਸਰਕਾਰੀ ਸੰਗਠਨਾਂ (ਐਨ ਜੀ ਓਜ਼) ਨੂੰ ਸਾਲ 2022 ਤੱਕ ਦੇ ਲਈ ਆਪਣੇ ਟੀਚੇ ਮਿਥਣ ਅਤੇ ਇਨ੍ਹਾਂ ਦੀ ਪੂਰਤੀ ਲਈ ਇੱਕ ਮਿਸ਼ਨ ਵਾਂਗ ਕੰਮ ਕਰਨ ਦੀ ਅਪੀਲ ਕੀਤੀ। ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਜੀ ਐਸ ਟੀ ਲਈ ਸੂਬਾ ਪੱਧਰੀ ਵਿਧਾਨਕ ਪ੍ਰਬੰਧ ਕਿਸੇ ਵੀ ਦੇਰੀ ਤੋਂ ਬਿਨਾਂ ਕੀਤੇ ਜਾਣੇ ਚਾਹੀਦੇ ਹਨ।
ਇਸ ਤੋਂ ਪਹਿਲਾਂ ਮੀਟਿੰਗ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁੱਡਜ਼ ਤੇ ਸਰਵਿਸਜ਼ ਟੈਕਸ (ਜੀ ਐਸ ਟੀ) ਬਾਰੇ ਬਣਾਈ ਗਈ ਸਹਿਮਤੀ ਨਾਲ ‘ਇਕ ਰਾਸ਼ਟਰ, ਇਕ ਇੱਛਾ ਅਤੇ ਇਕ ਪ੍ਰਤੀਬੱਧਤਾ’ ਦੀ ਭਾਵਨਾ ਦੀ ਝਲਕ ਮਿਲੀ ਹੈ। ਉਨ੍ਹਾਂ ਨੇ ਵਸਤਾਂ ਤੇ ਸੇਵਾਵਾਂ ਦੇ ਲਈ ਰਾਜਾਂ ਨੂੰ ‘ਸਰਕਾਰੀ ਈ ਮਾਰਕੀਟਪਲੇਸ ਪੋਰਟਲ’ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਤਾਂ ਕਿ ਸਰਕਾਰੀ ਖ਼ਰੀਦ ਵਿੱਚੋਂ ਭ੍ਰਿਸ਼ਟਾਚਾਰ ਘਟਾ ਕੇ ਪਾਰਦਰਸ਼ੀ ਪਹੁੰਚ ਵਧਾਈ ਜਾ ਸਕੇ।
ਰਾਜਾਂ ਦੇ ਮੁੱਖ ਮੰਤਰੀਆਂ, ਕੇਂਦਰੀ ਮੰਤਰੀਆਂ ਤੇ ਸੀਨੀਅਰ ਅਫਸਰਾਂ ਦੀ ਹਾਜ਼ਰੀ ਵਾਲੀ ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਨਿਊ ਇੰਡੀਆ’ ਦਾ ਸੁਪਨਾ ਸਾਰੇ ਰਾਜਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਅਤੇ ਸਹਿਯੋਗ ਨਾਲ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬਦਲ ਰਹੇ ਸੰਸਾਰ ਰੁਝਾਨਾਂ ਲਈ ਦੇਸ਼ ਨੂੰ ਤਿਆਰ ਕਰਨ ਦੇ ਤਰੀਕਿਆਂ ਬਾਰੇ ਚਰਚਾ ਕਰਨ ਨੂੰ ਅੱਜ ਏਥੇ ‘ਟੀਮ ਇੰਡੀਆ’ ਇਕੱਠੀ ਹੋਈ ਹੈ। ਇਸ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਉਹ ਸਾਲ 2022 ਦੇ ਭਾਰਤ ਦੇ ਸੁਪਨੇ ਨੂੰ ਨੇਪਰੇ ਚਾੜ੍ਹੇ। ਨੀਤੀ ਆਯੋਗ ਵੱਲੋਂ ਭਾਰਤ ਨੂੰ ਬਦਲਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਨਿਸ਼ਾਨਦੇਹੀ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰ, ਪ੍ਰਾਈਵੇਟ ਖੇਤਰ ਤੇ ਸਿਵਲ ਸੁਸਾਇਟੀ ਨੂੰ ਦੇਸ਼ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਇਕਜੁੱਟ ਕੋਸ਼ਿਸ਼ ਕਰਨ ਲਈ ਕਿਹਾ।
ਨੀਤੀ ਆਯੋਗ ਦੀ ਅੱਜ ਦੀ ਇਸ ਮੰਟਿੰਗ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਹੀਂ ਗਏ। ਜਾਣਕਾਰ ਸੂਤਰਾਂ ਅਨੁਸਾਰ ਅਰਵਿੰਦ ਕੇਜਰੀਵਾਲ ਨੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਆਪਣੀ ਥਾਂ ਮੀਟਿੰਗ ਵਿੱਚ ਭੇਜਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਹਤ ਠੀਕ ਨਾ ਹੋਣ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੱਦੀ ਗਈ ਨੀਤੀ ਆਯੋਗ ਦੀ ਮੀਟਿੰਗ ਵਿੱਚ ਨਹੀਂ ਜਾ ਸਕੇ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਪੰਜਾਬ ਵੱਲੋਂ ਕੋਈ ਮੰਤਰੀ ਪੱਖ ਪੇਸ਼ ਕਰਨ ਨਹੀਂ ਗਿਆ। ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਹੀ ਕਹਿ ਦਿੱਤਾ ਸੀ ਕਿ ਮੀਟਿੰਗ ਵਿੱਚ ਮੁੱਖ ਮੰਤਰੀ ਜਾਂ ਉਪ ਮੁੱਖ ਤੋਂ ਬਿਨਾ ਕੋਈ ਹੋਰ ਨੁਮਾਇੰਦਾ ਸ਼ਾਮਲ ਨਹੀਂ ਹੋ ਸਕਦਾ।
#punjabinews
No comments:
Post a Comment