ਐਨ ਡੀ ਪੀ (ਨਿਊ ਡੈਮੋਕਰੇਟਿਕ ਪਾਰਟੀ) ਦੀ ਇਸ ਵੀਕ ਐਂਡ ਹੋਈ ਕਨਵੈਨਸ਼ਨ ਦੌਰਾਨ ਪਾਰਟੀ ਆਗੂ ਐਂਡਰੀਆ ਹਾਵਰਥ ਨੇ ਪਾਰਟੀ ਵਫ਼ਾਦਾਰਾਂ ਨਾਲ ਕਈ ਵਾਅਦੇ ਕੀਤੇ ਹਨ ਜਿਹੜੇ ਦਿਲ ਨੂੰ ਬਾਗੋ ਬਾਗ ਕਰਨ ਵਾਲੇ ਹਨ। ਉਸਦਾ ਪਹਿਲਾ ਵਾਅਦਾ ਹੈ ਕਿ ਜੇਕਰ ਅਗਲੇ ਸਾਲ 7 ਜੂਨ 2018 ਨੂੰ ਵੋਟਰ ਮਿਹਰ ਕਰਕੇ ਉਸਨੂੰ ਉਂਟੇਰੀਓ ਦੇ ਰਾਜ ਭਾਗ ਸੌਂਪ ਦੇਣਗੇ ਤਾਂ ਉਹ ਉਂਟੇਰੀਓ ਦੀ ਹੈਲਥ ਕੇਅਰ ਪਾਲਸੀ ਨੂੰ ਬਦਲ ਦੇਵੇਗੀ ਜਿਸ ਸਦਕਾ ਸੂਬਾ ਵਾਸੀਆਂ ਨੂੰ ਡਾਕਟਰਾਂ ਵੱਲੋਂ ਕੀਤੇ ਜਾਂਦੇ ਮੁਫ਼ਤ ਚੈੱਕ ਅੱਪ ਤੋਂ ਇਲਾਵਾ ਦਵਾਈਆਂ ਵੀ ਮੁਫਤ ਮਿਲਿਆ ਕਰਨਗੀਆਂ। ਉਸਨੇ ਵਰਕਰਾਂ ਲਈ ਘੱਟੋ ਘੱਟ ਤਨਖਾਹ ਦੀ ਦਰ ਨੂੰ 15 ਡਾਲਰ ਪ੍ਰਤੀ ਘੰਟਾ ਕਰਨ, ਲਿਬਰਲ ਸਰਕਾਰ ਵੱਲੋਂ ਵੇਚੇ ਗਏ ਹਾਈਡਰੋ ਵਨ ਦੇ ਸ਼ੇਅਰ ਨੂੰ ਵਾਪਸ ਖਰੀਦਣ (4 ਬਿਲੀਅਨ ਡਾਲਰ ਦਾ ਖਰਚਾ), ਚਾਈਲਡ ਕੇਅਰ ਨੂੰ ਬਿਹਤਰ ਬਣਾਉਣ ਅਤੇ ਵਰਕਰਾਂ ਦੀਆਂ ਜੌਬਾਂ ਨੂੰ ਸੁਰੱਖਿਅਤ ਕਰਨ ਦੇ ਵਾਅਦੇ ਵੀ ਕੀਤੇ ਹਨ।
ਕਾਗਜ਼ਾਂ ਉੱਤੇ ਕੀਤੇ ਜਾਣ ਵਾਲੇ ਵਾਅਦੇ ਹਮੇਸ਼ਾ ਹੀ ਚੰਗੇ ਹੁੰਦੇ ਹਨ ਜਦੋਂ ਤੱਕ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕਸਵੱਟੀ ਉੱਤੇ ਨਹੀਂ ਪਰਖਿਆ ਜਾਂਦਾ। ਐਂਡਰੀਆ ਵੱਲੋਂ ਕੀਤੇ ਵਾਅਦਿਆਂ ਬਾਰੇ ਦੋ ਗੱਲਾਂ ਯਕੀਨੀ ਤੌਰ ਉੱਤੇ ਆਖੀਆਂ ਜਾ ਸਕਦੀਆਂ ਹਨ। ਪਹਿਲਾ ਕਿ ਘੱਟ ਆਮਦਨ ਵਰਗ ਦੇ ਲੋਕ ਚੰਗੀਆਂ ਅਤੇ ਮਿੱਠੀਆਂ ਗੱਲਾਂ ਸੁਣਨ ਨੂੰ ਤਜਰੀਹ ਦੇਂਦੇ ਹਨ ਕਿਉਂਕਿ ‘ਪਲ ਭਰ ਕੇ ਲੀਏ ਕੋਈ ਪਿਆਰ ਕਰਲੇ ਝੂਠਾ ਹੀ ਸਹੀ’ ਵਾਲੀਆਂ ਗੱਲਾਂ ਉਹਨਾਂ ਖਿਆਲ ਰੋਜ਼ ਮੱਰਾ ਦੀਆਂ ਮੁਸ਼ਕਲਾਂ ਤੋਂ ਦੂਰ ਹਟਾਉਂਦੀਆਂ ਹਨ। ਇਸਨੂੰ ਹਿੰਦੀ ਫਿਲਮਾਂ ਵਰਗੀ ਸ਼ੁਗਲਬਾਜ਼ੀ ਕਿਹਾ ਜਾ ਸਕਦਾ ਹੈ। ਦੂਜਾ ਐਂਡਰੀਆ ਖੁਦ ਵੀ ਜਾਣਦੀ ਹੈ ਕਿ ਉਸ ਵੱਲੋਂ ਵਿਖਾਏ ਸੁਫ਼ਨੇ ਕਦੇ ਪੂਰੇ ਹੋਣ ਵਾਲੇ ਨਹੀਂ ਕਿਉਂਕਿ ਐਨ ਡੀ ਪੀ ਨੂੰ ਸਰਕਾਰ ਬਣਾਉਣ ਜਿੰਨੀ ਬਹੁਮਤ ਹਾਸਲ ਹੋਣਾ ਸੰਭਵ ਨਹੀਂ ਹੈ। ਉਹ ਇਹ ਵੀ ਜਾਣਦੀ ਹੈ ਕਿ ਜੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਜੁੰਮੇਵਾਰੀ ਗਲੇ ਪੈਣੀ ਹੀ ਨਹੀਂ ਤਾਂ ਗੱਲਾਂ ਦੇ ਕੜਾਹ ਵਿੱਚ ਚਾਸ਼ਣੀ ਘੱਟ ਕਿਉਂ ਰੱਖੀ ਜਾਵੇ। ਜੇ ਮਿੱਠੀਆਂ ਗੋਲੀਆਂ ਦੇਣ ਨਾਲ ਪਾਰਟੀ ਨੂੰ ਇੱਕ ਦੋ ਵੱਧ ਸੀਟਾਂ ਮਿਲ ਜਾਂਦੀਆਂ ਹਨ ਤਾਂ ਇਸਤੋਂ ਚੰਗਾ ਹੋਰ ਕੀ ਹੋ ਸਕਦਾ ਹੈ।
ਐਂਡਰੀਆ ਹਾਰਵਥ ਦੀ ਬਿਲਕੁਲ ਇਹੋ ਜਿਹੀ ਸੋਚਣੀ 2014 ਵਿੱਚ ਸੀ ਜਦੋਂ ਉਸਨੇ ਘੱਟ ਗਿਣਤੀ ਲਿਬਰਲ ਸਰਕਾਰ ਤੋਂ ਸਮਰੱਥਨ ਵਾਪਸ ਲੈ ਕੇ ਚੋਣਾਂ ਕਰਵਾਉਣ ਲਈ ਰਾਹ ਖੋਲਿਆ ਸੀ। ਉਸ ਵੇਲੇ ਐਨ ਡੀ ਪੀ ਦਾ ਉਦੇਸ਼ ਚੋਣ ਜਿੱਤ ਕੇ ਸਰਕਾਰ ਬਣਾਉਣਾ ਨਹੀਂ ਸੀ ਸਗੋਂ ਆਪਣੀਆਂ ਸੀਟਾਂ ਦੀ ਗਿਣਤੀ ਨੂੰ ਬਰਕਰਾਰ ਰੱਖਣਾ ਸੀ। ਆਪਣੇ ਸਮਰੱਥਨ ਦੁਆਰਾ ਐਂਡਰੀਆ ਲਿਬਰਲ ਪਾਰਟੀ ਨੂੰ ਐਨ ਆਖਰੀ ਵਕਤ ਤੱਕ ਮਨਮਰਜ਼ੀ ਕਰਨ ਦਾ ਮੌਕਾ ਬਖਸ਼ਦੀ ਰਹੀ ਸੀ। ਬਹੁ-ਗਿਣਤੀ ਵਿੱਚ ਹੋਣ ਕਾਰਣ ਹੁਣ ਲਿਬਰਲ ਸਰਕਾਰ ਦੀ ਡੋਰ ਤਾਂ ਉਸਦੇ ਸਹਾਰੇ ਨਹੀਂ ਹੈ, ਪਰ ਐਂਡਰੀਆ ਅਜਿਹੇ ਵਾਅਦੇ ਕਰਨ ਵਿੱਚ ਮਾਹਰ ਹੈ ਜਿਹਨਾਂ ਨੂੰ ਉਸਨੇ ਕਦੇ ਪੂਰਾ ਨਹੀਂ ਕਰਨਾ ਹੋਵੇਗਾ।
ਐਨ ਡੀ ਪੀ ਵੱਲੋਂ ਚੋਣਾਂ ਤੋਂ ਸਵਾ ਸਾਲ ਪਹਿਲਾਂ ਹੀ ਅਸਮਾਨ ਜਿੱਡੇ ਵਾਅਦੇ ਕਰਨ ਦਾ ਕੰਜ਼ਰਵੇਟਿਵ ਆਗੂ ਪੈਟਰਿਕ ਬਰਾਊਨ ਅਤੇ ਐਨ ਡੀ ਪੀ ਦੇ ਡਿਪਟੀ ਲੀਡਰ ਜਗਮੀਤ ਸਿੰਘ ਦੀ ਰਣਨੀਤੀ ਉੱਤੇ ਅਸਰ ਜਰੂਰ ਪਵੇਗਾ। ਪੈਟਰਿਕ ਬਰਾਊਨ ਲਈ ਲਾਜ਼ਮੀ ਬਣ ਜਾਵੇਗਾ ਕਿ ਉਹ ਜਲਦੀ ਤੋਂ ਜਲਦੀ ਪ੍ਰੋਵਿੰਸ਼ੀਅਲ ਪਾਰਟੀ ਦੇ ਚੋਣ ਵਾਅਦਿਆਂ ਬਾਰੇ ਬਕਾਇਦਾ ਪਲਾਨ ਜਾਰੀ ਕਰੇ। ਇਸ ਬਾਬਤ ਜਿੰਨੀ ਦੇਰ ਕੀਤੀ ਜਾਵੇਗੀ, ਉੱਨਾ ਹੀ 2018 ਦੀਆਂ ਚੋਣਾਂ ਲਈ ਤਿਆਰ ਹੋਣ ਵਿੱਚ ਉਹ ਅਵੇਸਲਾ ਵਿਖਾਈ ਦੇਵੇਗਾ। ਐਂਡਰੀਆ ਨੇ ਆਪਣੇ ਵਾਅਦਿਆਂ ਦਾ ਪਟਾਰਾ ਖੋਲਕੇ ਇੱਕ ਕਿਸਮ ਨਾਲ ਪੈਟਰਿਕ ਬਰਾਊਨ ਦਾ ਫਾਇਦਾ ਕੀਤਾ ਹੈ ਕਿਉਂਕਿ ਹੁਣ ਪੈਟਰਿਕ ਕੋਲ ਹੋਰ ਦੇਰੀ ਕਰਨ ਦਾ ਕੋਈ ਬਹਾਨਾ ਨਹੀਂ ਰਹਿ ਜਾਵੇਗਾ।
ਐਂਡਰੀਆ ਦੇ ਵਾਅਦਿਆਂ ਦਾ ਸੱਭ ਤੋਂ ਵੱਧ ਪ੍ਰਭਾਵ ਬਰੈਮਲੀ ਗੋਲ ਮਾਲਟਨ ਤੋਂ ਐਮ ਪੀ ਪੀ ਜਗਮੀਤ ਸਿੰਘ ਉੱਤੇ ਪਵੇਗਾ। 2011 ਵਿੱਚ ਫੈਡਰਲ ਚੋਣਾਂ ਹਾਰਨ ਤੋਂ ਬਾਅਦ ਜਗਮੀਤ ਸਿੰਘ ਨੇ ਸੂਬਾਈ ਸਿਆਸਤ ਵਿੱਚ ਹੱਥ ਅਜ਼ਮਾਇਆ ਅਤੇ ਸਫ਼ਲ ਰਿਹਾ। ਉਸਦੇ ਐਥਨਿਕ ਪਿਛੋਕੜ ਤੋਂ ਲਾਭ ਲੈਣ ਦੇ ਇਰਾਦੇ ਨਾਲ ਐਨ ਡੀ ਪੀ ਨੇ ਉਸਨੂੰ ਡਿਪਟੀ ਲੀਡਰ ਬਣਾਇਆ ਲੇਕਿਨ ਜਗਮੀਤ ਸਿੰਘ ਵੱਲੋਂ ਉਂਟੇਰੀਓ ਐਨ ਡੀ ਪੀ ਦੀ ਬੇੜੀ ਨੂੰ ਮੰਝਧਾਰ ਵਿੱਚ ਛੱਡ ਕੇ ਦੁਬਾਰਾ ਫੈਡਰਲ ਸਿਆਸਤ ਜਾਣ ਦੀਆਂ ਤਿਆਰੀਆਂ ਹਨ। ਉਹ ਫੈਡਰਲ ਐਨ ਡੀ ਪੀ ਦੀ ਲੀਡਰਸਿ਼ੱਪ ਚੋਣ ਲੜਨ ਦਾ ਵਿਚਾਰ ਕਰ ਰਿਹਾ ਹੈ। ਕੱਲ ਕਨਵੈਨਸ਼ਨ ਵਿੱਚ ਪਾਰਟੀ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਐਂਡਰੀਆ ਨੇ ਕਿਹਾ ਸੀ, “ਮੈਂ ਯਕੀਨ ਕਰਦੀ ਹਾਂ ਕਿ ਲੀਡਰਸਿ਼ੱਪ ਦਾ ਰੋਲ ਲੋਕਾਂ ਨੂੰ ਦੱਸਣਾ ਹੁੰਦਾ ਹੈ ਕਿ ਤੁਹਾਡੀ ਦੂਰ ਦ੍ਰਿਸ਼ਟੀ ਕੀ ਹੈ ਅਤੇ ਉਹ ਕਿਹੜੀ ਚੀਜ਼ ਹੈ ਜੋ ਤੁਸੀਂ ਪਬਲਿਕ ਵਾਸਤੇ ਹਾਸਲ ਕਰੋਗੇ”। ਵਾਅਦੇ ਜਿੰਨੇ ਮਰਜ਼ੀ ਕੀਤੇ ਜਾਣ ਲੇਕਿਨ ਐਂਡਰੀਆ ਦੇ ਆਪਣੇ ਬਿਆਨ ਦੀ ਕਸਵੱਟੀ ਉੱਤੇ ਉਹ ਖੁਦ ਅਤੇ ਉਸਦੀ ਪਾਰਟੀ ਦੇ ਹੋਰ ਲੀਡਰ ਕਿੱਥੇ ਖੜੇ ਹਨ, ਇਸ ਬਾਰੇ ਕੀ ਆਖਿਆ ਜਾਵੇ?
#punjabinews
No comments:
Post a Comment