ਚੰਡੀਗੜ੍ਹ, 25 ਮਾਰਚ (ਪੋਸਟ ਬਿਊਰੋ)- ਸੀਨੀਅਰ ਵਕੀਲ ਐਚ ਐਸ ਫੂਲਕਾ ਨੂੰ ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੇ ਆਗੂ ਵਜੋਂ ਵਿਰੋਧੀ ਧਿਰ ਦੇ ਆਗੂ ਦਾ ਬਕਾਇਦਾ ਕਾਨੂੰਨੀ ਦਰਜਾ ਮਿਲ ਜਾਣ ਦੇ ਨਾਲ ਵਿਧਾਨ ਸਭਾ ਕੰਪਲੈਕਸ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਦਫਤਰ ਵੀ ਅਲਾਟ ਕਰ ਦਿੱਤਾ ਗਿਆ ਹੈ। ਉਂਜ ਆਮ ਆਦਮੀ ਪਾਰਟੀ ਨੇ ਗਿਲਾ ਕੀਤਾ ਹੈ ਕਿ ਇਹ ਕਮਰਾ ਬਹੁਤ ਛੋਟਾ ਹੈ।
ਐਚ ਐਸ ਫੂਲਕਾ ਨੇ ਕੱਲ੍ਹ ਇਕ ਪੰਜਾਬੀ ਅਖਬਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੀ ਪਾਰਟੀ ਰਾਜ ਸਰਕਾਰ ਤੋਂ ਕੋਈ ਖੈਰਾਤ ਨਹੀਂ ਮੰਗਦੀ। ਕਾਨੂੰਨ ਵਿੱਚ ਜੋ ਵਿਵਸਥਾ ਹੈ, ਉਸੇ ਅਨੁਸਾਰ ਸਾਨੂੰ ਸਹੂਲਤਾਂ ਦਿੱਤੀਆਂ ਜਾਣ। ਆਪ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਪਿੱਛੋਂ ਫੂਲਕਾ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਦੋ ਮੈਂਬਰਾਂ ਦੀ ਲੋਕ ਇਨਸਾਫ ਪਾਰਟੀ ਨੂੰ ਵੀ ਸਾਡੇ ਦਫਤਰ ਦੇ ਬਿਲਕੁਲ ਨੇੜੇ ਕਮਰਾ ਦਿੱਤਾ ਗਿਆ, ਪਰ ਕਾਂਗਰਸ ਵਿਧਾਇਕ ਦਲ, ਅਕਾਲੀ ਵਿਧਾਇਕ ਦਲ ਅਤੇ ਤਿੰਨ ਮੈਂਬਰੀ ਭਾਜਪਾ ਵਿਧਾਇਕ ਦਲ ਨੂੰ ਦਫਤਰਾਂ ਲਈ ਪਹਿਲੇ ਜੋ ਕਮਰੇ ਅਲਾਟ ਕੀਤੇ ਗਏ ਸਨ, ਉਨ੍ਹਾਂ ਵਿੱਚ ਕੋਈ ਅਦਲਾ ਬਦਲੀ ਨਹੀਂ ਕੀਤੀ ਗਈ। ਫੂਲਕਾ ਨੇ ਵਿਚਾਰ ਪ੍ਰਗਟ ਕੀਤਾ ਕਿ ਦਫਤਰੀ ਕਮਰੇ ਦੀ ਅਲਾਟਮੈਂਟ ਦੇ ਵਿੱਚ ਆਪ ਪਾਰਟੀ ਨਾਲ ਇਨਸਾਫ ਨਹੀਂ ਕੀਤਾ ਗਿਆ।
#punjabinews
No comments:
Post a Comment