
ਸ੍ਰੀਨਗਰ ਦੇ ਬਾਹਰਵਾਰ ਵਨੀਬਲ ਇਲਾਕੇ ਵਿੱਚ ਰੇਲ ਪਟੜੀ ਰੋਕੀ ਖੜ੍ਹੇ ਪ੍ਰਦਰਸ਼ਨਕਾਰੀ ਸੀਆਰਪੀਐਫ ਜਵਾਨਾਂ ਉਤੇ ਪਥਰਾਅ ਕਰਦੇ ਹੋਏ। -ਪੀਟੀਆਈ
ਸ੍ਰੀਨਗਰ, 31 ਮਾਰਚ
ਕਸ਼ਮੀਰ ਵਾਦੀ ਦੇ ਵੱਖ ਵੱਖ ਹਿੱਸਿਆਂ ਵਿੱਚ ਜੁੰਮੇ ਦੀ ਨਮਾਜ਼ ਤੋਂ ਬਾਅਦ ਅੱਜ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਦਸਤਿਆਂ ਵਿਚਾਲੇ ਝੜਪਾਂ ਹੋਈਆਂ।
ਸੋਪੋਰ ਦੇ ਤਰਾਲ ਤੇ ਬਿਜਬਹੇੜਾ ਸ਼ਹਿਰਾਂ ਵਿੱਚ ਜੁੰਮੇ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨਕਾਰੀ ਮਸਜਿਦਾਂ ਅੱਗੇ ਇਕੱਤਰ ਹੋਏ। ਸੋਪੋਰ ਵਿੱਚ ਝੜਪਾਂ ਦੌਰਾਨ ਚਾਰ ਪ੍ਰਦਰਸ਼ਨਕਾਰੀ ਨੌਜਵਾਨ ਤੇ ਇਕ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਿਆ। ਪੁਲੀਸ ਮੁਤਾਬਕ ਵਾਦੀ ਵਿੱਚੋਂ ਹੁਣ ਤੱਕ ਕਿਸੇ ਦੇ ਵੀ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਸ੍ਰੀਨਗਰ ਦੇ ਮੈਸੂਮਾ ਵਿੱਚ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ਜਬਰੀ ਬਾਜ਼ਾਰ ਬੰਦ ਕਰਵਾਏ। ਵੱਖਵਾਦੀਆਂ ਨੇ ਬੜਗਾਮ ਵਿੱਚ ਸੁਰੱਖਿਆ ਦਸਤਿਆਂ ਦੀ ਕਾਰਵਾਈ ਵਿੱਚ ਤਿੰਨ ਨਾਗਰਿਕਾਂ ਦੀ ਮੌਤ ਵਿਰੁੱਧ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਸੀ। ਸੁਰੱਖਿਆ ਦਸਤਿਆਂ ਨੇ ਇਹਤਿਆਤ ਵਜੋਂ ਸਈਦ ਅਲੀ ਗਿਲਾਨੀ ਅਤੇ ਮੀਰਵਾਇਜ਼ ਉਮਰ ਫਾਰੂਕ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਸੀ, ਜਦੋਂ ਕਿ ਮੁਹੰਮਦ ਯਾਸਿਨ ਮਲਿਕ ਸ੍ਰੀਨਗਰ ਸੈਂਟਰਲ ਜੇਲ੍ਹ ਵਿੱਚ ਹੈ।
ਨਵੀਂ ਦਿੱਲੀ: ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਭਾਰਤ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਅਤਿਵਾਦੀ ਗਰੁੱਪ ਨੌਜਵਾਨਾਂ ਨੂੰ ਸੁਰੱਖਿਆ ਦਸਤਿਆਂ ਉਤੇ ਪਥਰਾਅ ਲਈ ਉਕਸਾ ਰਹੇ ਹਨ। ਉਨ੍ਹਾਂ ਕਸ਼ਮੀਰੀ ਨੌਜਵਾਨਾਂ ਨੂੰ ਪਾਕਿਸਤਾਨੀ ਪ੍ਰਾਪੇਗੰਡਾ ਦਾ ਹਿੱਸਾ ਨਾ ਬਣਨ ਲਈ ਕਿਹਾ। ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਅਤਿਵਾਦੀ ਨਾ ਸਿਰਫ਼ ਜੰਮੂ ਕਸ਼ਮੀਰ ਸਗੋਂ ਪੂਰੇ ਮੁਲਕ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਸ੍ਰੀ ਰਾਜਨਾਥ ਸਿੰਘ ਨੇ ਕਸ਼ਮੀਰ ਦੀ ਸਮੱਸਿਆ ਬਾਰੇ ਰੱਖਿਆ ਮੰਤਰੀ ਅਰੁਣ ਜੇਤਲੀ ਨਾਲ ਵੀ ਚਰਚਾ ਕੀਤੀ।
-ਪੀਟੀਆਈ
No comments:
Post a Comment