Friday, March 31, 2017

ਪਾਕਿ ’ਚ ਜ਼ੋਰਦਾਰ ਧਮਾਕੇ ਕਾਰਨ 25 ਹਲਾਕ, 65 ਜ਼ਖ਼ਮੀ


ਪਾਕਿਸਤਾਨ ਦੇ ਕਬਾਇਲੀ ਜ਼ਿਲ੍ਹੇ ਕੁਰੱਮ ਦੀ ਪਾਰਚਿਨਾਰ ਮਾਰਕੀਟ ਵਿੱਚ ਕਾਰ ਬੰਬ ਧਮਾਕੇ ਵਾਲੀ ਥਾਂ ਇਕੱਤਰ ਹੋਏ ਲੋਕ।-ਫੋਟੋ: ਏਐਫਪੀ

ਪਾਕਿਸਤਾਨ ਦੇ ਕਬਾਇਲੀ ਜ਼ਿਲ੍ਹੇ ਕੁਰੱਮ ਦੀ ਪਾਰਚਿਨਾਰ ਮਾਰਕੀਟ ਵਿੱਚ ਕਾਰ ਬੰਬ ਧਮਾਕੇ ਵਾਲੀ ਥਾਂ ਇਕੱਤਰ ਹੋਏ ਲੋਕ।-ਫੋਟੋ: ਏਐਫਪੀ


ਪਿਸ਼ਾਵਰ, 31 ਮਾਰਚ

ਪਾਕਿਸਤਾਨ ਦੇ ਗੜਬੜਜ਼ਦਾ ਕਬਾਇਲੀ ਖ਼ਿੱਤੇ ਵਿੱਚ ਅੱਜ ਇਕ ਸ਼ੀਆ ਇਮਾਮਵਾੜੇ ਦੇ ਬਾਹਰ ਹੋਏ ਜ਼ੋਰਦਾਰ ਬੰਬ ਧਮਾਕੇ ਕਾਰਨ ਘੱਟੋ-ਘੱਟ 25 ਜਣੇ ਮਾਰੇ ਗਏ ਅਤੇ 65 ਹੋਰ ਜ਼ਖ਼ਮੀ ਹੋ ਗਏ। ਦਹਿਸ਼ਤੀ ਜਥੇਬੰਦੀ ਪਾਕਿਸਤਾਨੀ ਤਾਲਿਬਾਨ ਨੇ ਇਸ ਕਾਰੇ ਦੀ ਜ਼ਿੰਮੇਵਾਰੀ ਲਈ ਹੈ।

ਇਹ ਧਮਾਕਾ ਕੁੱਰਮ ਏਜੰਸੀ ਦੇ ਪਾਰਚਿਨਾਰ ਕਸਬੇ ਦੇ ਸਦਰ ਬਾਜ਼ਾਰ ਵਿੱਚ ਇਮਾਮਵਾੜੇ ਦੇ ਐਨ ਸਾਹਮਣੇ ਹੋਇਆ। ਉਸ ਵਕਤ ਉਥੇ ਵੱਡੀ ਗਿਣਤੀ ਲੋਕ ਫਲ ਤੇ ਸਬਜ਼ੀਆਂ ਆਦਿ ਦੀ ਖ਼ਰੀਦਦਾਰੀ ਕਰ ਰਹੇ ਸਨ। ਜਿਓ ਟੀਵੀ ਦੀ ਰਿਪੋਰਟ ਮੁਤਾਬਕ ਧਮਾਕੇ ਕਾਰਨ ਘੱਟੋ-ਘੱਟ 25 ਜਾਨਾਂ ਜਾਂਦੀਆਂ ਰਹੀਆਂ ਅਤੇ 65 ਜਣੇ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਵੀ ਬਹੁਤਿਆਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ, ਜਿਨ੍ਹਾਂ ਵਿੱਚੋਂ 27 ਨੂੰ ਹਵਾਈ ਜਹਾਜ਼ਾਂ ਰਾਹੀਂ ਪਿਸ਼ਾਵਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਧਮਾਕੇ ਕਾਰਨ ਦਰਜਨਾਂ ਵਾਹਨ ਵੀ ਨੁਕਸਾਨੇ ਗਏ।

ਇਕ ਚਸ਼ਮਦੀਦ ਨੇ ‘ਐਕਸਪ੍ਰੈੱਸ ਟ੍ਰਿਬਿਊਨ’ ਨੂੰ ਦੱਸਿਆ ਕਿ ਸਲਾਮਤੀ ਦਸਤਿਆਂ ਵੱਲੋਂ ਇਮਾਮਵਾੜੇ ਦੇ ਅੰਦਰ ਜਾਣ ਵਾਲੇ ਅਕੀਦਤਮੰਦਾਂ ਦੀ ਮੁੱਖ ਗੇਟ ’ਤੇ ਜਾਂਚ ਕੀਤੀ ਜਾ ਰਹੀ ਸੀ ਕਿ ਕੋਈ ਗੇਟ ਦੇ ਲਾਗੇ ਹੀ ਧਮਾਕਾਖ਼ੇਜ਼ ਸਮੱਗਰੀ ਵਾਲੀ ਕਾਰ ਖੜ੍ਹੀ ਕਰ ਕੇ ਚਲਾ ਗਿਆ, ਜਿਸ ਵਿੱਚ ਬਾਅਦ ’ਚ ਧਮਾਕਾ ਹੋ ਗਿਆ। ਧਮਾਕੇ ਦੀ ਜ਼ਿੰਮੇਵਾਰੀ ਪਾਕਿਸਤਾਨੀ ਤਾਲਿਬਾਨ ਤੋਂ ਟੁੱਟੇ ਗਰੁੱਪ ਜਮਾਤ-ਉਲ-ਅਹਿਰਾਰ ਨੇ ਲਈ ਹੈ। ਘਟਨਾ ਤੋਂ ਬਾਅਦ ਇਲਾਕੇ ਨੂੰ ਘੇਰ ਕੇ ਰਾਹਤ ਕੰਮ ਤੇਜ਼ ਕਰ ਦਿੱਤੇ ਗਏ ਸਨ। ਪ੍ਰਸ਼ਾਸਨ ਨੇ ਖ਼ਿੱਤੇ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਐਲਾਨ ਦਿੱਤੀ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਘਟਨਾ ਉਤੇ ਦੁਖ ਜ਼ਾਹਰ ਕਰਦਿਆਂ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ, ‘‘ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਦਹਿਸ਼ਤਪਸੰਦਾਂ ਖ਼ਿਲਾਫ਼ ਜੰਗ ਜਾਰੀ ਰੱਖੀਏ।’’ ਉਨ੍ਹਾਂ ਪਾਕਿਸਤਾਨੀ ਸਰਜ਼ਮੀਨ ਤੋਂ ਕਿਸੇ ਵੀ ਕੀਮਤ ’ਤੇ ਦਹਿਸ਼ਤਗਰਦੀ ਦਾ ਖ਼ਾਤਮਾ ਕਰਨ ਦਾ  ਆਪਣੀ ਹਕੂਮਤ ਦਾ ਅਹਿਦ ਵੀ ਦੁਹਰਾਇਆ। ਉਨ੍ਹਾਂ ਕਿਹਾ, ‘‘ਦਹਿਸ਼ਤਗਰਦਾਂ ਦਾ ਨੈਟਵਰਕ ਪਹਿਲਾਂ ਹੀ ਤੋੜ ਦਿੱਤਾ ਗਿਆ ਹੈ ਅਤੇ ਇਹ ਸਾਡਾ ਕੌਮੀ ਫ਼ਰਜ਼ ਹੈ ਕਿ ਅਸੀਂ ਇਸ ਦੇ ਮੁਕੰਮਲ ਖ਼ਾਤਮੇ ਤੱਕ ਆਪਣੀ ਲੜਾਈ ਜਾਰੀ ਰੱਖੀਏ।’’ ਮੁਲਕ ਦੇ ਗ੍ਰਹਿ ਮੰਤਰੀ ਚੌਧਰੀ ਨਿਸਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।


-ਪੀਟੀਆਈ

No comments:

Post a Comment