Sunday, April 23, 2017

ਅੱਤਵਾਦੀ ਧਮਕੀਆਂ ਦੇ ਮੱਦੇਨਜ਼ਰ ਪਾਸਪੋਰਟ ਆਫਿਸਾਂ ਵਿੱਚ ਕੀਤੀਆਂ ਜਾ ਰਹੀਆਂ ਹਨ ਸਕਿਊਰਿਟੀ ਸਬੰਧੀ ਤਬਦੀਲੀਆਂ





ਓਟਵਾ, 23 ਅਪਰੈਲ (ਪੋਸਟ ਬਿਊਰੋ) : ਅੱਤਵਾਦੀਆਂ ਵੱਲੋਂ ਜਿਹੜੀਆਂ ਫੈਸਿਲਿਟੀਜ਼ ਨੂੰ ਅਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਉਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਫੈਡਰਲ ਸਰਕਾਰ ਸਕਿਊਰਿਟੀ ਵਿੱਚ ਸੁਧਾਰ ਕਰਨ ਤੇ ਪਤਿਆਂ ਸਬੰਧੀ ਤੌਖਲਿਆਂ ਨੂੰ ਖਤਮ ਕਰਨ ਲਈ ਪਾਸਪੋਰਟ ਆਫਿਸਿਜ਼ ਵਿੱਚ ਚੁੱਪ ਚੁਪੀਤਿਆਂ ਤਬਦੀਲੀਆਂ ਕਰ ਰਹੀ ਹੈ।
ਪਾਸਪੋਰਟ ਤੇ ਹੋਰਨਾਂ ਸਰਕਾਰੀ ਆਫਿਸਾਂ ਵਿੱਚ ਸਿਵਲ ਸਰਵੈਂਟਸ ਨੂੰ ਕਈ ਸਾਲਾਂ ਤੋਂ ਬੰਬ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਅਸੰਤੁਸ਼ਟ, ਸ਼ਰਾਬੀ ਜਾਂ ਦਿਮਾਗੀ ਬਿਮਾਰੀਆਂ ਤੋਂ ਪਰੇਸ਼ਾਨ ਵਿਅਕਤੀਆਂ ਵੱਲੋਂ ਵੀ ਵੇਲੇ ਕੁਵੇਲੇ ਆਪਣੀਆਂ ਕਿੜਾਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹਿੰਦੀਆਂ ਹਨ।
ਸਰਕਾਰ ਦੇ ਅੰਦਰੂਨੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸੀਨੀਅਰ ਅਧਿਕਾਰੀਆਂ ਨੂੰ ਵਧੇਰੇ ਚਿੰਤਾ ਇਸ ਗੱਲ ਦੀ ਹੈ ਕਿ ਮਤੇ ਅੱਤਵਾਦੀ ਪਾਸਪੋਰਟ ਆਫਿਸ ਨੂੰ ਹੀ ਆਪਣਾ ਨਿਸ਼ਾਨਾ ਬਣਾ ਲੈਣ ਤੇ ਇੱਥੇ ਹਮਲਾ ਕਰ ਦੇਣ। ਖਾਸਤੌਰ ਉੱਤੇ ਵਿਦੇਸ਼ਾਂ ਵਿੱਚ ਜਾ ਕੇ ਅੱਤਵਾਦੀ ਜਥੇਬੰਦੀਆਂ ਦੀਆਂ ਗਤੀਵਿਧੀਆਂ ਵਿੱਚ ਅਜਿਹੇ ਵਿਅਕਤੀਆਂ ਵੱਲੋਂ ਹਿੱਸਾ ਲਏ ਜਾਣ ਦੇ ਮਨਸੂਬਿਆਂ ਨੂੰ ਫੈਡਰਲ ਸਰਕਾਰ ਵੱਲੋਂ ਉਨ੍ਹਾਂ ਦੇ ਪਾਸਪੋਰਟ ਰੱਦ ਕਰਕੇ ਚਕਨਾਚੂਰ ਕਰ ਦਿੱਤਾ ਗਿਆ ਹੋਵੇ।
ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਅਜਿਹੇ ਆਫਿਸਿਜ਼ ਅਸਾਨੀ ਨਾਲ ਨਿਸ਼ਾਨਾ ਬਣ ਸਕਦੇ ਹਨ ਜਾਂ ਇੱਥੇ ਵੱਡਾ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਭਵਿੱਖ ਵਿੱਚ ਹੋਣ ਵਾਲੇ ਹਮਲਿਆਂ ਦੇ ਮੱਦੇਨਜਰ ਈਐਸਡੀਸੀ ਪਾਸਪੋਰਟ ਆਫਿਸਿਜ ਨੂੰ ਸੰਭਾਵੀ ਨਿਸਾਨਾ ਮੰਨਿਆ ਜਾ ਰਿਹਾ ਹੈ। ਇਸ ਦਾ ਜਿਕਰ 2015 ਵਿੱਚ ਕੈਨੇਡੀਅਨ ਆਈਜ ਓਨਲੀ ਸਬੰਧੀ ਬਰੀਫਿੰਗ ਵਿੱਚ ਵੀ ਕੀਤਾ ਗਿਆ ਸੀ। ਅਜਿਹਾ ਅਕਤੂਬਰ 2014 ਵਿੱਚ ਹੋਏ ਦੋ ਵੱਖ ਵੱਖ ਘਰੇਲੂ ਅੱਤਵਾਦੀ ਹਮਲਿਆਂ ਤੋਂ ਬਾਅਦ ਮਹਿਸੂਸ ਕੀਤਾ ਜਾਣ ਲੱਗਿਆ।
ਪਹਿਲੇ ਮਾਮਲੇ ਵਿੱਚ ਮਾਰਟਿਨ ਕੋਟਿਊਰ ਰੋਲੀਊ ਨੇ ਸੇਂਟ ਜੀਨ ਸਰ ਰਿਚੇਲੀਊ, ਕਿਊਬਿਕ ਦੇ ਬਿੱਲਕੁਲ ਬਾਹਰ ਇੱਕ ਮਾਲ ਵਿੱਚ ਦੋ ਸੈਨਿਕਾਂ ਉੱਤੇ ਆਪਣੀ ਕਾਰ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 53 ਸਾਲਾ ਵਾਰੰਟ ਆਫੀਸਰ ਪੈਟਰਿਸ ਵਿਨਸੈਂਟ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਉਸੇ ਜੁਲਾਈ ਵਿੱਚ ਉਸ ਦਾ ਪਾਸਪੋਰਟ ਸੀਜ ਕਰ ਲਿਆ ਸੀ ਕਿਉਂਕਿ ਪੁਲਿਸ ਨੇ ਉਸ ਨੂੰ ਤੁਰਕੀ ਜਾਣ ਤੋਂ ਮਨ੍ਹਾਂ ਕਰ ਦਿੱਤਾ ਸੀ।
ਮਾਈਕਲ ਜਹਿਫ ਬਿਬੀਊ ਨੇ ਪਾਰਲੀਆਮੈਂਟ ਹਿੱਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਓਟਵਾ ਵਿੱਚ ਨੈਸਨਲ ਵਾਰ ਮੈਮੋਰੀਅਲ ਉੱਤੇ ਕਾਰਪੋਰਲ ਨਥਾਨ ਕਿਰਿਲੋ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਹ ਵੈਨਕੂਵਰ ਤੋਂ ਓਟਵਾ ਉਦੋਂ ਆਇਆ ਸੀ ਜਦੋਂ ਲਿਬੀਆ ਜਾਣ ਦੀ ਮਨਜੂਰੀ ਲੈਣ ਸਮੇਂ ਕੈਨੇਡੀਅਨ ਪਾਸਪੋਰਟ ਹਾਸਲ ਕਰਨ ਲਈ ਉਸ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਦੋਵੇਂ ਹਮਲਾਵਰਾਂ ਨੂੰ ਮਾਰ ਮੁਕਾਇਆ ਗਿਆ। ਇਸ ਮਗਰੋਂ ਈਐਸਡੀਸੀ ਦੇ ਅਧਿਕਾਰੀਆਂ ਨੂੰ ਪਾਸਪੋਰਟ ਆਫਿਸਾਂ ਨੂੰ ਦਰਪੇਸ ਦਿੱਕਤਾਂ ਤੇ ਮਿਲ ਰਹੀਆਂ ਧਮਕੀਆਂ ਦੀ ਜਾਂਚ ਕਰਨ ਲਈ ਆਖਿਆ ਗਿਆ।










#punjabinews

No comments:

Post a Comment