Sunday, April 23, 2017

ਦੋ ਕੈਨੇਡੀਅਨਾਂ ਨੂੰ ਅਮਰੀਕਾ ਦੀ ਮੋਸਟ ਵਾਂਟਿਡ ਅੱਤਵਾਦੀਆਂ ਦੀ ਸੂਚੀ ਵਿੱਚ ਕੀਤਾ ਗਿਆ ਸ਼ਾਮਲ





2ਟੋਰਾਂਟੋ, 23 ਅਪਰੈਲ (ਪੋਸਟ ਬਿਊਰੋ) : ਅਮਰੀਕਾ ਦੀ ਮੋਸਟ ਵਾਂਟਿਡ ਅੱਤਵਾਦੀਆਂ ਦੀ ਸੂਚੀ ਵਿੱਚ ਦੋ ਕੈਨੇਡੀਅਨਾਂ ਦਾ ਨਾਂ ਵੀ ਜੁੜ ਗਿਆ ਹੈ। ਇਸ ਸੂਚੀ ਮੁਤਾਬਕ ਇਹ ਦੋਵੇਂ ਵਿਅਕਤੀ ਅਮਰੀਕਾ ਦੀ ਨੈਸ਼ਨਲ ਸਕਿਊਰਿਟੀ ਤੇ ਇਕਨਾਮਿਕ ਹਿਤਾਂ ਲਈ ਖਤਰਾ ਹਨ।
ਅਮਰੀਕੀ ਸਰਕਾਰ ਦੇ ਨਿਯਮਾਂ ਸਬੰਧੀ ਸਰਕਾਰੀ ਰਜਿਸਟਰ ਵਿੱਚ ਛਪੀ ਸਪੈਸਿ਼ਅਲੀ ਡੈਜ਼ੀਗਨੇਟਿਡ ਗਲੋਬਲ ਟੈਰੋਰਿਸਟਸ ਦੀ ਸੂਚੀ ਵਿੱਚ 24 ਸਾਲਾ ਫਾਰਾਹ ਮੁਹੰਮਦ ਸਿ਼ਰਡੌਨ ਤੇ 30 ਸਾਲਾ ਤਾਰਕ ਸਾਕਰ ਦਾ ਨਾਂ ਵੀ ਛਾਪਿਆ ਗਿਆ ਹੈ। ਆਨਲਾਈਨ ਬੁਲੇਟਨ ਵਿੱਚ ਵਿਦੇਸ਼ ਮੰਤਰਾਲੇ ਨੇ ਸਾਕਰ ਦੀ ਪਛਾਣ ਸੀਰੀਆ ਵਿੱਚ ਪੈਦਾ ਹੋਏ ਕੈਨੇਡੀਅਨ ਨਾਗਰਿਕ ਵਜੋਂ ਕੀਤੀ, ਜਿਸਨੇ ਅਲ ਕਾਇਦਾ ਨਾਲ ਸਬੰਧਤ ਅਲ ਨੁਸਰਾਹ ਫਰੰਟ ਤੋਂ ਸਨਾਈਪਰ ਦੀ ਸਿਖਲਾਈ ਹਾਸਲ ਕੀਤੀ ਹੋਈ ਹੈ। ਕੈਨੇਡਾ ਵਿੱਚ ਪੈਦਾ ਹੋਏ ਸਿ਼ਰਡੌਨ, ਨੂੰ ਅਬੂ ਉਸਾਮਾਹ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਜੰਗਜੂ ਦੇ ਨਾਲ ਨਾਲ ਇਰਾਕ ਦੀ ਇਸਲਾਮਿਕ ਸਟੇਟ ਤੇ ਲੈਵੈਂਟ ਲਈ ਰਕਰੂਟਰ ਤੇ ਫੰਡਰੇਜ਼ਰ ਵੀ ਹੈ।
ਇਸ ਖਬਰ ਨੂੰ ਆਨਲਾਈਨ ਜਾਰੀ ਕਰਦਿਆਂ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਆਖਿਆ ਕਿ ਇਨ੍ਹਾਂ ਦੋਵਾਂ ਦੇ ਨਾਂ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਾਕਰ ਤੇ ਸਿ਼ਰਡੌਨ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਸਤੰਬਰ 2015 ਵਿੱਚ ਆਰਸੀਐਮਪੀ ਨੇ ਸਿ਼ਰਡੌਨ ਦੇ ਖਿਲਾਫ ਅੱਤਵਾਦ ਸਬੰਧੀ ਕਈ ਚਾਰਜਿਸ ਲਾਏ ਸਨ ਤੇ ਇਹ ਵੀ ਪਾਇਆ ਗਿਆ ਸੀ ਕਿ ਉਹ ਨਾ ਸਿਰਫ ਆਪ ਸਗੋਂ ਹੋਰਨਾਂ ਨੂੰ ਵੀ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਭੜਕਾਅ ਰਿਹਾ ਸੀ।
ਕੈਨੇਡੀਅਨ ਪਾਸਪੋਰਟ ਨੂੰ ਅੱਗ ਲਾਏ ਜਾਣ ਦੀ ਵੀਡੀਓ ਆਈਐਸਆਈਐਸ ਵੱਲੋਂ ਜਾਰੀ ਕੀਤੇ ਜਾਣ ਤੋਂ ਇੱਕ ਸਾਲ ਬਾਅਦ ਕੈਲਗਰੀ ਦੇ ਇਸ ਵਿਅਕਤੀ ਖਿਲਾਫ ਇਹ ਚਾਰਜਿਸ ਲਾਏ ਗਏ। ਪੁਲਿਸ ਨੇ ਦੱਸਿਆ ਕਿ ਸਿ਼ਰਡੌਨ ਨੇ 14 ਮਾਰਚ,2014 ਨੂੰ ਸੀਰੀਆ ਵਿੱਚ ਇਸਲਾਮਿਕ ਸਟੇਟ ਨਾਲ ਲੜਨ ਲਈ ਕੈਨੇਡਾ ਛੱਡ ਦਿੱਤਾ ਤੇ ਆਖਰੀ ਵਾਰੀ ਉਸ ਦੇ ਰੱਕਾ ਸ਼ਹਿਰ ਵਿੱਚ ਹੋਣ ਦਾ ਪਤਾ ਲੱਗਿਆ ਸੀ। ਸਿ਼ਰਡੌਨ ਖਿਲਾਫ ਜਦੋਂ ਚਾਰਜਿਸ ਲਾਏ ਗਏ ਤਾਂ ਆਰਸੀਐਮਪੀ ਦੇ ਅਸਿਸਟੈਂਟ ਕਮਿਸ਼ਨਰ ਨੇ ਆਖਿਆ ਕਿ ਸਾਡੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਸਿ਼ਰਡੌਨ ਨਾ ਸਿਰਫ ਆਈਐਸਆਈਐਸ ਦਾ ਜੰਗਜੂ ਹੈ ਸਗੋਂ ਉਹ ਰੰਗਰੂਟ ਭਰਤੀ ਕਰਨ, ਫੰਡ ਇੱਕਠੇ ਕਰਨ ਤੇ ਹੋਰਨਾਂ ਨੂੰ ਹਿੰਸਾ ਫੈਲਾਉਣ ਤੇ ਪ੍ਰਚਾਰ ਲਈ ਵੀ ਹੱਲਾਸ਼ੇਰੀ ਦਿੰਦਾ ਹੈ।
ਸਤੰਬਰ 2014 ਵਿੱਚ ਸਿ਼ਰਡੌਨ ਨੇ ਕਥਿਤ ਤੌਰ ਉੱਤੇ ਇੱਕ ਵੀਡੀਓ ਇੰਟਰਵਿਊ ਵਿੱਚ ਖੁਦ ਨੂੰ ਅਬੂ ਉਸਾਮਾਹ ਦੱਸਦਿਆਂ ਇਹ ਵੀ ਆਖਿਆ ਸੀ ਕਿ ਨਿਊ ਯਾਰਕ ਉੱਤੇ ਜ਼ਬਰਦਸਤ ਹਮਲਾ ਹੋਵੇਗਾ ਤੇ ਵਾੲ੍ਹੀਟ ਹਾਊਸ ਉੱਤੇ ਆਈਐਸਆਈਐਸ ਦਾ ਝੰਡਾ ਲਹਿਰਾਵੇਗਾ। ਸਾਕਰ ਬਾਰੇ ਅਮਰੀਕੀ ਨੋਟਿਸ ਵਿੱਚ ਆਖਿਆ ਗਿਆ ਹੈ ਕਿ ਉਸ ਨੇ ਸੀਰੀਆ ਵਿੱਚ ਸਨਾਈਪਰ ਦੀ ਟਰੇਨਿੰਗ ਲਈ ਹੋਈ ਹੈ ਤੇ ਉਹ ਅਕਸਰ ਤੁਰਕੀ ਜਾਂਦਾ ਰਹਿੰਦਾ ਹੈ। ਪਰ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਦੇ ਬੁਲਾਰੇ ਨੇ ਸਾਕਰ ਬਾਰੇ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।










#punjabinews

No comments:

Post a Comment