* ਸੁੰਦਰੀਕਰਨ ਲਈ ਭਾਜਪਾ ਸਰਕਾਰ ਅਧੀਨ ਗੁਰਦੁਆਰਾ ਢਾਹਿਆ ਗਿਆ
ਇੰਦੌਰ, 23 ਅਪਰੈਲ, (ਪੋਸਟ ਬਿਉਰੋ)- ਭਾਜਪਾ ਦੀ ਸਰਕਾਰ ਵਾਲੇ ਰਾਜ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਰਾਜ ਮੁਹੱਲਾ ਇਲਾਕੇ ਵਿੱਚ ਗੁਰਦੁਆਰਾ ‘ਕਰਤਾਰ ਕੀਰਤਨ ਸਾਹਿਬ’ ਦੀ ਇਮਾਰਤ ਨੂੰ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤੇ ਜਾਣ ਦੀ ਖਬਰ ਆਈ ਹੈ।
ਗੁਰਦੁਆਰਾ ਕਰਤਾਰ ਕੀਰਤਨ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗੁਰੂ ਘਰ ਵਿਖੇ ਸ਼ਨੀਵਾਰ ਹਫਤਾਵਰੀ ਸਮਾਗਮ ਚੱਲ ਰਿਹਾ ਸੀ। ਸਮੇਤ ਨਗਰ ਨਿਗਮ ਦੇ ਅਧਿਕਾਰੀ ਗੁਰੂ ਘਰ ਵਿੱਚ ਅਚਾਨਕ ਪੁਲਿਸ ਦੇ ਨਾਲ ਮਰਿਆਦਾ ਦੀ ਉਲੰਘਣਾ ਕਰਦਿਆਂ ਜੋੜਿਆਂ ਸਮੇਤ ਅੰਦਰ ਆਣ ਵੜੇ। ਕਰੀਬ 400 ਪੁਲਿਸ ਮੁਲਾਜ਼ਮਾਂ ਦੀ ਇਸ ਫੋਰਸ ਨੇ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਬਰੀ ਚੁੱਕਣੇ ਸ਼ੁਰੂ ਕਰ ਦਿੱਤੇ ਤਾਂ ਸੰਗਤ ਨੇ ਇਸ ਦਾ ਵਿਰੋਧ ਕੀਤਾ, ਪਰ ਫੋਰਸ ਦੀ ਗਿਣਤੀ ਵੱਧ ਹੋਣ ਕਾਰਨ ਸੰਗਤ ਨੂੰ ਧੱਕੇ ਮਾਰ ਕੇ ਗੁਰੂ ਘਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਇਸ ਮੌਕੇ ਦੀਵਾਨ ਗੁਰੂ ਘਰ ਦੀ ਪਹਿਲੀ ਮੰਜ਼ਲ ਉੱਤੇ ਸਜਿਆ ਹੋਇਆ ਸੀ। ਪੁਲਿਸ ਨੇ ਬੀਬੀਆਂ ਨੂੰ ਘੜੀਸ ਕੇ ਪੌੜੀਆਂ ਤੋਂ ਇਸ ਤਰ੍ਹਾਂ ਥੱਲੇ ਉਤਾਰਿਆ ਕਿ ਇਸ ਦੌਰਾਨ ਇੱਕ 80 ਸਾਲਾ ਬਜ਼ੁਰਗ ਦੇ ਜ਼ਖਮੀ ਹੋਣ ਦੀ ਖਬਰ ਵੀ ਮਿਲੀ ਹੈ।
ਪਤਾ ਲੱਗਾ ਹੈ ਕਿ ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਸਮਾਰਟ ਸਿਟੀ ਯੋਜਨਾ ਵਿੱਚ ਸ਼ਾਮਲ ਕੀਤਾ ਜਾਣ ਤੋਂ ਬਾਅਦ ਰਾਜ ਸਰਕਾਰ ਨੇ ਸਾਰੇ ਧਾਰਮਿਕ ਅਸਥਾਨਾਂ ਨੂੰ ਨਵਾਂ ਥਾਂ ਅਲਾਟ ਕਰਕੇ ਉੱਥੇ ਸ਼ਿਫਟ ਕੀਤੇ ਜਾਣ ਦੀ ਸੂਚਨਾ ਦਿੱਤੀ ਸੀ। ਇਸ ਪਿੱਛੋਂ ਗੁਰਦੁਆਰਾ ਕਰਤਾਰ ਕੀਤਨ ਦੇ ਪ੍ਰਬੰਧਕਾਂ ਅਤੇ ਸਿੱਖ ਸੰਗਤ ਨੇ ਮੰਗ ਕੀਤੀ ਸੀ ਕਿ ਗੁਰੂ ਘਰ 50 ਸਾਲ ਪੁਰਾਣਾ ਹੋਣ ਕਰਕੇ ਸੰਗਤ ਦੀਆਂ ਭਾਵਨਾਵਾਂ ਇਸ ਅਸਥਾਨ ਨਾਲ ਜੁੜੀਆਂ ਹਨ, ਇਸ ਲਈ ਕੋਈ ਹੋਰ ਰਾਹ ਕੱਢਿਆ ਜਾਵੇ। ਕੱਲ੍ਹ ਅਚਾਨਕ ਪ੍ਰਸ਼ਾਸਨ ਨੇ ਅਚਾਨਕ ਇਹ ਨਿੰਦਣ ਯੋਗ ਕਦਮ ਚੁੱਕ ਲਿਆ। ਤਸਵੀਰਾਂ ਵੇਖ ਕੇ ਪਤਾ ਲੱਗਦਾ ਹੈ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤੀ ਗਈ ਹੈ। ਪੁਲਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 4 ਸਰੂਪਾਂ ਵਿੱਚੋਂ 3 ਸਰੂਪ ਵੀ ਚੁੱਕ ਕੇ ਲੈ ਗਈ ਹੈ ਅਤੇ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇੱਕ ਸਰੂਪ ਨੂੰ ਸੰਗਤ ਆਪਣੇ ਕੋਲ ਰੱਖਣ ਵਿੱਚ ਕਾਮਯਾਬ ਹੋ ਗਈ। ਇਸ ਮੌਕੇ ਗੁਰੂ ਘਰ ਵਿੱਚ ਪਈਆਂ 300 ਸਾਲ ਪੁਰਾਣੀਆਂ ਕਿਰਪਾਨਾਂ (ਸੋਨੇ ਤੇ ਚਾਂਦੀ ਦੇ ਮੁੱਠੇ ਵਾਲੀਆਂ), ਦੋ ਚਾਂਦੀ ਦੇ ਫੁੱਲਦਾਨ ਅਤੇ ਗੋਲਕ ਵਿਚਲੀ 75 ਤੋਂ 80 ਹਜ਼ਾਰ ਦੇ ਕਰੀਬ ਭੇਟਾ ਰਾਸ਼ੀ ਤੇ ਲਾਕਰ ਦੀ 3 ਲੱਖ ਵਿੱਚੋਂ ਵੱਧ ਨਕਦੀ ਵੀ ਪੁਲਸ ਚੁੱਕ ਕੇ ਲੈ ਗਈ ਹੈ। ਪੁਲਿਸ ਨੇ ਧੱਕੇਸ਼ਾਹੀ ਨਾਲ ਦੂਜੀ ਮੰਜ਼ਲ ਉੱਤੇ ਬਣਾਈ ਹੋਈ ਲਾਇਬ੍ਰੇਰੀ ਦੀਆਂ 40,000 ਕਿਤਾਬਾਂ ਵੀ ਚੁੱਕ ਲਈਆਂ ਹਨ। ਸੰਗਤ ਦਾ ਰੋਸ ਹੈ ਕਿ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਤੋਂ 10 ਮੀਟਰ ਦੀ ਦੂਰ ਇੱਕ ਮੰਦਰ ਵੀ ਬਣਿਆ ਹੋਇਆ ਹੈ, ਪਰ ਉਹ ਪੂਰੀ ਤਰਾਂ ਸੁਰੱਖਿਅਤ ਹੈ। ਗੁਰਦੁਆਰਾ ਕਮੇਟੀ ਦਾ ਪ੍ਰਧਾਨ ਮਨਜੀਤ ਸਿੰਘ ਭਾਟੀਆ ਬੀ ਜੇ ਪੀ ਆਗੂ ਹੈ ਅਤੇ ਸੰਗਤ ਵੱਲੋਂ ਇਸ ਘਟਨਾ ਪਿੱਛੇ ਉਨਾਂ ਦੀ ਸ਼ਹਿ ਵੀ ਦੱਸੀ ਜਾ ਰਹੀ ਹੈ, ਕਿਉਂਕਿ ਉਹ ਸਾਲ 2018 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਵੱਲੋਂ ਟਿਕਟ ਲੈਣ ਦੀ ਤਾਕ ਵਿੱਚ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਹਰ ਕਾਰਵਾਈ ਦੇ ਲਈ ਅਸਿੱਧੇ ਤੌਰ ਉੱਤੇ ਸਹਿਮਤ ਦੱਸਿਆ ਜਾ ਰਿਹਾ ਹੈ।
ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਨੂੰ ਨਗਰ ਨਿਗਮ ਵੱਲੋਂ ਢਾਹੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਤੋੜਨ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਗੁਰਦੁਆਰਾ ਸਾਹਿਬ ਲਈ ਨਵੀਂ ਜਗ੍ਹਾ ਦੇਣੀ ਚਾਹੀਦੀ ਸੀ। ਉਨ੍ਹਾਂ ਇਸ ਬਾਰੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਲਿਖੇ ਪੱਤਰ ਵਿੱਚ ਸਿੱਖ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਇਸ ਦਾ ਢੁੱਕਵਾਂ ਹੱਲ ਲੱਭਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਧਰਮ ਨਿਰਪੱਖ ਤੇ ਲੋਕਤੰਤਰੀ ਦੇਸ਼ ਹੈ, ਜਿਸ ਕਰਕੇ ਇੱਥੇ ਰਹਿੰਦੇ ਵੱਖ-ਵੱਖ ਧਰਮਾਂ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਧਾਰਮਿਕ ਸਥਾਨਾਂ ਦਾ ਪੂਰਨ ਸਤਿਕਾਰ ਹੋਣਾ ਚਾਹੀਦਾ ਹੈ।
#punjabinews
No comments:
Post a Comment