ਨਵੀਂ ਦਿੱਲੀ, 23 ਅਪ੍ਰੈਲ, (ਪੋਸਟ ਬਿਉਰੋ)- ਭਾਰਤ ਦੀ ਰਾਜਧਾਨੀ ਦਿੱਲੀ ਦੇ ਵੋਟਰਾਂ ਨੇ ਅੱਜ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਦਿੱਲੀ ਨਗਰ ਨਿਗਮ (ਐਮ ਸੀ ਡੀ) ਦੀਆਂ ਤਿੰਨਾਂ ਨਗਰ ਨਿਗਮਾਂ ਦੀਆਂ ਚੋਣਾਂ ਵਿੱਚ 270 ਸੀਟਾਂ ਵਾਰਡਾਂ ਤੋਂ ਚੋਣ ਲੜ ਰਹੇ 2537 ਉਮੀਦਵਾਰਾਂ ਦਾ ਭਵਿੱਖ ਈ ਵੀ ਐਮ (ਵੋਟਿੰਗ ਮਸ਼ੀਨਾਂ) ਵਿੱਚ ਬੰਦ ਕਰ ਦਿੱਤਾ ਹੈ। ਦਿੱਲੀ ਚੋਣ ਕਮਿਸ਼ਨ ਨੇ ਵੋਟ ਫੀਸਦੀ ਵਧਾਉਣ ਦੇ ਕਾਫੀ ਯਤਨ ਕੀਤੇ ਸਨ, ਪਰ ਚੋਣਾਂ ਵਿੱਚ 54 ਫੀਸਦੀ ਵੋਟਾਂ ਹੀ ਪੋਲ ਹੋ ਸਕੀਆਂ। ਇਨ੍ਹਾਂ ਦੀ ਗਿਣਤੀ ਬੁੱਧਵਾਰ 26 ਅਪ੍ਰੈਲ ਨੂੰ ਹੋਵੇਗੀ। ਚੋਣ ਦੌਰਾਨ 2 ਉਮੀਦਵਾਰਾਂ ਦੀ ਮੌਤ ਹੋ ਜਾਣ ਕਾਰਨ 2 ਵਾਰਡਾਂ ਸਰਾਏ ਪੀਪਲਥਲਾ ਅਤੇ ਮੌਜਪੁਰ ਵਿਚ ਚੋਣਾਂ ਨਹੀਂ ਹੋ ਸਕੀਆਂ।
ਨਗਰ ਨਿਗਮ ਦੇ ਲਈ ਅੱਜ ਸਵੇਰੇ ਵੋਟਿੰਗ ਸ਼ੁਰੂ ਹੋਣ ਵੇਲੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ, ਭਾਜਪਾ ਪਾਰਲੀਮੈਂਟ ਮੈਂਬਰ ਮਹੇਸ਼ ਗਿਰੀ, ਕੇਂਦਰੀ ਮੰਤਰੀ ਵਿਜੈ ਗੋਇਲ, ਦਿੱਲੀ ਕਾਂਗਰਸ ਪ੍ਰਧਾਨ ਅਜੈ ਮਾਕਨ ਅਤੇ ਹੋਰ ਸ਼ਖਸੀਅਤਾਂ ਨੇ ਆਪੋ ਆਪਣੇ ਵਾਰਡ ਵਿਚ ਵੋਟ ਪਾਈ। ਦਿੱਲੀ ਨਿਗਮ ਚੋਣਾਂ ਦੇ ਇਤਿਹਾਸ ਵਿੱਚ 2012 ਤੱਕ ਭਾਜਪਾ ਅਤੇ ਕਾਂਗਰਸ ਵਿਚਾਲੇ ਮੁਕਾਬਲਾ ਹੁੰਦਾ ਰਿਹਾ ਹੈ, ਪਰ ਇਸ ਵਾਰੀ ਆਮ ਆਦਮੀ ਪਾਰਟੀ ਦੇ ਸਾਹਮਣੇ ਹੋਣ ਕਾਰਨ ਪਹਿਲੀ ਵਾਰ ਨਿਗਮ ਚੋਣਾਂ ਦਾ ਮੁਕਾਬਲਾ ਮੁੱਖ ਤਿੰਨ ਧਿਰਾਂ ਵਿਚਾਲੇ ਹੋਇਆ ਅਤੇ ਖੇਤਰੀ ਪਾਰਟੀਆਂ ਨੇ ਵੀ ਉਮੀਦਵਾਰ ਖੜੇ ਕਰਕੇ ਹਾਜ਼ਰੀ ਲਵਾਉਣ ਦਾ ਯਤਨ ਕੀਤਾ ਹੈ।
ਇਸ ਵਾਰੀ ਦਿੱਲੀ ਦੇ ਤਿੰਨੇ ਨਿਗਮਾਂ ਲਈ ਚੋਣਾਂ ਵਿੱਚ ਸਭ ਤੋਂ ਜ਼ਿਆਦਾ 1004 ਉਮੀਦਵਾਰ ਉੱਤਰੀ ਦਿੱਲੀ ਨਗਰ ਨਿਗਮ (ਕੁਲ ਵਾਰਡ 104) ਵਾਸਤੇ ਹਨ। ਦੱਖਣੀ ਦਿੱਲੀ ਨਿਗਮ (ਕੁਲ ਵਾਰਡ 104) ਦੇ ਲਈ 985 ਅਤੇ ਪੂਰਬੀ ਦਿੱਲੀ ਨਿਗਮ (ਕੁਲ ਵਾਰਡ 64) ਦੇ ਲਈ 548 ਉਮੀਦਵਾਰ ਮੈਦਾਨ ਵਿੱਚ ਹਨ। ਭਾਜਪਾ ਨਾਲ ਗਠਜੋੜ ਦਾ ਅੰਗ ਬਣ ਕੇ ਅਕਾਲੀ ਦਲ ਦੇ 5 ਉਮੀਦਵਾਰ ਭਾਜਪਾ ਦੇ ਕਮਲ ਨਿਸ਼ਾਨ ਉੱਤੇ ਪਰਮਜੀਤ ਸਿੰਘ ਰਾਣਾ (ਰਜਿੰਦਰ ਨਗਰ ਵਾਰਡ), ਅਮਰਜੀਤ ਸਿੰਘ ਫਤਹਿ ਨਗਰ (ਪ੍ਰਤਾਪ ਨਗਰ), ਮਨਪ੍ਰੀਤ ਕੌਰ ਕਾਲਕਾ (ਕਾਲਕਾਜੀ), ਰਵਿੰਦਰ ਸਿੰਘ ਸੋਨੂੰ (ਤਿਲਕ ਨਗਰ) ਅਤੇ ਇਕਬਾਲ ਸਿੰਘ ਰਾਜਾ (ਗੁਰੂ ਤੇਗ ਬਹਾਦਰ ਨਗਰ) ਤੋਂ ਚੋਣ ਲੜ ਰਹੇ ਹਨ।
ਦਿੱਲੀ ਦੇ ਚੋਣ ਕਮਿਸ਼ਨਰ ਐਸ ਕੇ ਸ਼੍ਰੀਵਾਸਤਵ ਮੁਤਾਬਿਕ 68 ਵਿਧਾਨ ਸਭਾਵਾਂ ਵਿਚ 68 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਸਨ ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਲਈ ਖਾਸ ਪ੍ਰਬੰਧ ਕੀਤਾ ਹੈ। ਨੌਜਵਾਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਗੁਲਾਬ ਦਾ ਫੁਲ ਅਤੇ ਚਾਕਲੇਟ ਵਰਗੇ ਤੋਹਫੇ ਦਿੱਤੇ ਗਏ ਹਨ।
ਇਸ ਦੌਰਾਨ ਸਾਹਮਣੇ ਆਏ ਐਗਜਿ਼ਟ ਪੋਲ ਦੇ ਮੁਤਾਬਕ ਭਾਜਪਾ ਇਨ੍ਹਾਂ ਚੋਣਾਂ ਵਿੱਚ ਤਿੰਨਾਂ ਨਗਰ ਨਿਗਮਾਂ ਦੇ ਵਿੱਚ ਜਬਰਦਸਤ ਬਹੁ-ਮੱਤ ਪ੍ਰਾਪਤ ਕਰਦੀ ਦਿਖਾਈ ਗਈ ਹੈ। ਕਾਂਗਰਸ ਬਹੁਤ ਪਛੜ ਕੇ ਦੂਸਰੇ ਨੰਬਰ ਉੱਤੇ ਅਤੇ ਆਮ ਆਦਮੀ ਪਾਰਟੀ ਬਹੁਤ ਬੁਰੀ ਹਾਲਤ ਵਿੱਚ ਤੀਸਰੇ ਥਾਂ ਆਉਂਦੀ ਦੱਸੀ ਜਾ ਰਹੀ ਹੈ।
#punjabinews
No comments:
Post a Comment