[ad_1]
ਜੌਨਪੁਰ, 7 ਮਾਰਚ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਰਧ ਹੋਣ ਤੇ ‘ਥਕਾਵਟ ਮਹਿਸੂਸ’ ਕਰਨ ਦਾ ਦਾਅਵਾ ਕਰਦਿਆਂ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਸ ਦੀ ਪਾਰਟੀ ਤੇ ਭਾਈਵਾਲ ਸਮਾਜਵਾਦੀ ਪਾਰਟੀ ਉਤਰ ਪ੍ਰਦੇਸ਼ ਵਿੱਚ ‘ਨੌਜਵਾਨਾਂ ਦੀ ਸਰਕਾਰ’ ਬਣਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਨੌਜਵਾਨਾਂ ਦੀ ਇਹ ਸਰਕਾਰ ਯੂ ਪੀ ਨੂੰ ‘ਵਿਸ਼ਵ ਦੀ ਫੈਕਟਰੀ’ ਬਣਾਏਗੀ ਅਤੇ ਇਥੋਂ ਤੱਕ ਕਿ ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਦੀ ਰਸੋਈ ਵਿੱਚ ਪਏ ਬਰਤਨਾਂ ਉਤੇ ‘ਮੇਡ ਇਨ ਜੌਨਪੁਰ’ ਉਕਰਿਆ ਹੋਵੇਗਾ।
ਰਾਹੁਲ ਗਾਂਧੀ ਨੇ ਕਿਹਾ ਕਿ ਯੂ ਪੀ ਵਿੱਚ ਨੌਜਵਾਨਾਂ ਦੀ ਸਰਕਾਰ ਬਣਾਈ ਜਾਵੇਗੀ। ਇਹ ਸਰਕਾਰ ਇਸ ਸੂਬੇ ਨੂੰ ਵਿਸ਼ਵ ਦੀ ਫੈਕਟਰੀ ਬਣਾਏਗੀ। ‘ਮੇਡ ਇਨ ਯੂ ਪੀ’ ਉਤਪਾਦ ਵਿਸ਼ਵ ਭਰ ਵਿੱਚ ਹਾਸਲ ਹੋਣਗੇ। ਰਾਹੁਲ ਨੇ ਕਿਹਾ ਕਿ, ‘ਨਰਿੰਦਰ ਮੋਦੀ ਦੀ ਉਮਰ ਵਧਣ ਕਾਰਨ ਹੁਣ ਥਕਾਵਟ ਮਹਿਸੂਸ ਕਰਦੇ ਹੋਣਗੇ। ਮੈਂ ਅਖਿਲੇਸ਼ ਨੂੰ ਕਿਹਾ ਹੈ ਕਿ ਅਸੀਂ ਮੋਦੀ ਜੀ ਦੀ ਕੁਝ ਮਦਦ ਜ਼ਰੂਰ ਕਰਾਂਗੇ। ਉਨ੍ਹਾਂ ਨੂੰ ਕੁਝ ਸਮਾਂ ਅਤੇ ਸ਼ਾਂਤੀ ਦੇ ਕੁਝ ਪਲ ਦਿੰਦੇ ਹਾਂ। ਤੁਸੀਂ (ਅਖਿਲੇਸ਼) ਮੁੱਖ ਮੰਤਰੀ ਬਣੋ ਅਤੇ ਉਹ (ਮੋਦੀ) ਕੁਝ ਆਰਾਮ ਕਰਨਗੇ।’
ਵਾਰਾਨਸੀ ਵਿੱਚ ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਉਤੇ ਤਨਜ਼ ਕੱਸਦਿਆਂ ਰਾਹੁਲ ਨੇ ਕਿਹਾ, ‘ਮੋਦੀ ਜੀ ਦੀ ਫਿਲਮ ਦੇ ਮੁੜ-ਮੁੜ ਰੀ-ਟੇਕ ਹੋ ਰਹੇ ਹਨ। ਚਾਰ ਦਿਨਾਂ ਵਿੱਚ ਚਾਰ ਰੀ-ਟੇਕ ਹੋਏ, ਪਰ ਇਹ ਸਿਰੇ ਨਹੀਂ ਚੜ੍ਹੀ। ਦੋ ਦਿਨ ਪਹਿਲਾਂ ਰੋਡ ਸ਼ੋਅ ਹੋਇਆ ਸੀ। ਇਸ ਦੇ ਠੀਕ ਨਤੀਜੇ ਨਹੀਂ ਨਿਕਲੇ ਤੇ ਕੋਈ ਹਾਂ ਪੱਖੀ ਸਿੱਟਾ ਨਹੀਂ ਨਿਕਲਿਆ। ਮੈਂ ਸੁਣਿਆ ਹੈ ਕਿ ਕੱਲ੍ਹ ਮੋਦੀ ਜੀ ਪੈਦਲ ਜਾ ਰਹੇ ਹਨ।’ ਕਾਂਗਰਸੀ ਆਗੂ ਨੇ ਕਿਹਾ ਕਿ ਮੋਦੀ ਜੀ ਦੀ ‘ਅੱਛੇ ਦਿਨ’ ਵਾਲੀ ਫਿਲਮ ਫਲਾਪ ਹੋ ਗਈ ਹੈ ਅਤੇ ਹੁਣ ਇਸ ਦਾ ਜਨਤਕ ਪ੍ਰਸਾਰਨ ਹੋਵੇਗਾ। ਅਸਲ ‘ਚ ਮੋਦੀ ਜੀ ਡਰ ਗਏ ਹਨ, ਜਿਸ ਕਾਰਨ ਉਹ ਪ੍ਰਚਾਰ ਲਈ ਪਿਛਲੇ ਤਿੰਨ ਦਿਨਾਂ ਤੋਂ ਵਾਰਾਨਸੀ ‘ਚ ਡੇਰੇ ਲਾਈ ਬੈਠੇ ਹਨ।
[ad_2]
No comments:
Post a Comment