Friday, March 31, 2017

ਪ੍ਰੀਮੀਅਰ ਵਿੰਨ ਦੀਆਂ ਹਾਈਡਰੋ ਦਰਾਂ ਕਾਰਨ ਟੀਟੀਸੀ ਦੇ ਰਾਈਡਰਜ਼ ਨੂੰ ਹੋ ਰਿਹਾ ਹੈ ਨੁਕਸਾਨ : ਐਨਡੀਪੀ





ਕੁਈਨਜ਼ ਪਾਰਕ, 31 ਮਾਰਚ (ਪੋਸਟ ਬਿਊਰੋ) : ਬੁੱਧਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਐਨਡੀਪੀ ਦੇ ਅਰਬਨ ਟਰਾਂਜਿ਼ਟ ਕ੍ਰਿਟਿਕ ਚੈਰੀ ਡੀਨੋਵੋ ਨੇ ਪ੍ਰੀਮੀਅਰ ਕੈਥਲੀਨ ਵਿੰਨ ਤੋਂ ਪੁੱਛਿਆ ਕਿ ਪਿਛਲੇ ਸਾਲ ਟੀਟੀਸੀ ਦੇ ਬਿਜਲੀ ਦੇ ਬਿੱਲ ਵਿੱਚ 8 ਮਿਲੀਅਨ ਡਾਲਰ ਦਾ ਵਾਧਾ ਕਿਉਂ ਕੀਤਾ ਗਿਆ? ਉਨ੍ਹਾਂ ਆਖਿਆ ਕਿ ਇਸ ਨਾਲ ਸਾਰਾ ਬੋਝ ਟੀਟੀਸੀ ਵਿੱਚ ਸਫਰ ਕਰਨ ਵਾਲਿਆਂ ਉੱਤੇ ਪੈ ਰਿਹਾ ਹੈ।
ਪਾਰਕਡੇਲ ਹਾਈ ਪਾਰਕ ਤੋਂ ਐਮਪੀਪੀ ਡੀਨੋਵੋ ਨੇ ਆਖਿਆ ਕਿ ਆਸਮਾਨ ਛੂਹ ਰਹੀਆਂ ਹਾਈਡਰੋ ਕੀਮਤਾਂ ਨੇ ਟੀਟੀਸੀ ਦੇ ਸਫਰ ਨੂੰ ਹੋਰ ਜਿ਼ਆਦਾ ਮਹਿੰਗਾ ਬਣਾ ਦਿੱਤਾ ਹੈ। ਪ੍ਰੀਮੀਅਰ ਨੇ ਆਖਿਆ ਕਿ ਉਹ ਇਸ ਗਲਤੀ ਨੂੰ ਦਰੁਸਤ ਕਰਨਾ ਚਾਹੁੰਦੀ ਹੈ ਪਰ ਟੀਟੀਸੀ ਦਾ ਸਫਰ ਸਸਤਾ ਨਹੀਂ ਕੀਤਾ ਜਾਵੇਗਾ। ਇੱਥੇ ਕਟੌਤੀ ਤੋਂ ਭਾਵ ਹੈ ਕਿ ਵਿੰਨ ਆਪਣੇ ਇਸ਼ਤਿਹਾਰਾਂ ਵਿੱਚ ਕਟੌਤੀ ਕਰੇਗੀ। ਡੀਨੋਵੋ ਨੇ ਆਖਿਆ ਕਿ ਸਮਝ ਨਹੀਂ ਆਉਂਦੀ ਕਿ ਪ੍ਰੀਮੀਅਰ ਨੇ ਆਪਣੇ ਤਥਾ ਕਥਿਤ ਹਾਈਡਰੋ ਪਲੈਨ ਵਿੱਚੋਂ ਟੀਟੀਸੀ ਨੂੰ ਪਾਸੇ ਕਿਉਂ ਕਰ ਦਿੱਤਾ।
ਐਨਡੀਪੀ ਵੱਲੋਂ ਹਾਸਲ ਕੀਤੇ ਗਏ ਅੰਕੜਿਆਂ ਤੋਂ ਖੁਲਾਸਾ ਹੋਇਆ ਕਿ ਟੀਟੀਸੀ ਦਾ ਹਾਈਡਰੋ ਬਿੱਲ ਪਿਛਲੇ ਸਾਲ ਦੇ ਮੁਕਾਬਲੇ 13 ਫੀ ਸਦੀ ਵੱਧ ਸੀ। ਫਿਰ ਭਾਵੇਂ ਉਸ ਵੱਲੋਂ ਓਨੀ ਹੀ ਮਾਤਰਾ ਵਿੱਚ ਬਿਜਲੀ ਦੀ ਵਰਤੋਂ ਕੀਤੀ ਗਈ। ਯਾਤਰੀਆਂ ਤੇ ਮਿਉਂਸਪਲ ਟੈਕਸਦਾਤਾਵਾਂ ਨੂੰ ਲਿਆਉਣ ਲਿਜਾਣ ਲਈ ਵਾਧੂ ਕੀਮਤ 8 ਮਿਲੀਅਨ ਡਾਲਰ ਤੋਂ ਵੀ ਜਿ਼ਆਦਾ ਸੀ। ਕੈਥਲੀਨ ਵਿੰਨ ਦੇ ਪ੍ਰੀਮੀਅਰ ਬਣਨ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਟੀਟੀਸੀ ਦੀਆਂ ਇਲੈਕਟ੍ਰਿਸਿਟੀ ਦਰਾਂ ਵਿੱਚ 40 ਫੀ ਸਦੀ ਵਾਧਾ ਹੋਇਆ ਹੈ।
ਡੀਨੋਵੋ ਨੇ ਆਖਿਆ ਕਿ ਇਹ ਸਮਝ ਨਹੀਂ ਆ ਰਿਹਾ ਕਿ ਪ੍ਰੀਮੀਅਰ ਅਜਿਹੇ ਹਾਈਡਰੋ ਪਲੈਨ ਨੂੰ ਹੱਲਾਸ਼ੇਰੀ ਕਿਉਂ ਦੇ ਰਹੀ ਹੈ ਜਿਸ ਨਾਲ ਬੈਂਕਰ ਹੋਰ ਅਮੀਰ ਹੋ ਜਾਣਗੇ ਪਰ ਇਸ ਨਾਲ ਹਾਈਡਰੋ ਦੀਆਂ ਦਰਾਂ ਨੂੰ ਠੱਲ੍ਹ ਪਾਉਣ ਲਈ ਕੁੱਝ ਨਹੀਂ ਕੀਤਾ ਜਾ ਸਕਦਾ। ਇਸ ਨਾਲ ਟੀਟੀਸੀ ਟੋਰਾਂਟੋ ਦੇ ਰਾਈਡਰਜ਼ ਲਈ ਮਹਿੰਗੀ ਜ਼ਰੂਰ ਹੁੰਦੀ ਜਾ ਰਹੀ ਹੈ। ਐਂਡਰੀਆ ਹੌਰਵਥ ਤੇ ਐਨਡੀਪੀ ਨੇ ਅਜਿਹੀ ਹਾਈਡਰੋ ਯੋਜਨਾ ਜਾਰੀ ਕੀਤੀ ਹੈ ਜਿਸ ਨਾਲ ਹਾਈਡਰੋ ਬਿੱਲਾਂ ਵਿੱਚ ਕਟੌਤੀ ਹੋਵੇਗੀ ਤੇ ਗਾਹਕਾਂ ਨੂੰ 30 ਫੀ ਸਦੀ ਦਾ ਸਿੱਧਾ ਫਾਇਦਾ ਹੋਵੇਗਾ।










#punjabinews

No comments:

Post a Comment