Friday, March 31, 2017

ਸਚਿਨ ਤੇਂਦੁਲਕਰ ਤੇ ਫਿਲਮੀ ਹੀਰੋਇਨ ਰੇਖਾ ਦੀ ਗੈਰ ਹਾਜ਼ਰੀ ਰਾਜ ਸਭਾ ਦੀ ਚਰਚਾ ਦਾ ਵਿਸ਼ਾ ਬਣੀ






ਨਵੀਂ ਦਿੱਲੀ, 30 ਮਾਰਚ (ਪੋਸਟ ਬਿਊਰੋ)- ਰਾਜ ਸਭਾ ਦੇ ਲਈ ਨਾਮਜ਼ਦ ਕੀਤੀਆਂ ਗਈਆਂ ਵੱਡੀਆਂ ਹਸਤੀਆਂ ਦੇ ਲਗਾਤਾਰ ਗ਼ੈਰ ਹਾਜ਼ਰ ਰਹਿਣ ਨੂੰ ਲੈ ਕੇ ਇਕ ਵਾਰੀ ਫਿਰ ਸਵਾਲ ਉੱਠਿਆ ਹੈ।
ਸਮਾਜਵਾਦੀ ਪਾਰਟੀ ਦੇ ਰਾਜ ਸਭਾ ਮੈਂਬਰ ਨਰੇਸ਼ ਅਗਰਵਾਲ ਨੇ ਪੁੱਿਛਆ ਕਿ ਕੀ ਸਚਿਨ ਤੇਂਦੁਲਕਰ ਤੇ ਰੇਖਾ ਵਰਗੀਆਂ ਵੱਡੀਆਂ ਹਸਤੀਆਂ ਦਾ ਲਗਾਤਾਰ ਗ਼ੈਰ ਹਾਜ਼ਰ ਰਹਿਣਾ ਉੱਚਿਤ ਹੈ? ਜੇ ਰਾਜ ਸਭਾ ਦੇ ਕੰਮਾਂ ਵਿੱਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਤਾਂ ਕੀ ਉਨ੍ਹਾਂ ਨੂੰ ਅਸਤੀਫ਼ਾ ਨਹੀਂ ਦੇ ਦੇਣਾ ਚਾਹੀਦਾ? ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਸੈਸ਼ਨ ਵਿੱਚ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਅਤੇ ਐਕਟਰੈੱਸ ਰੇਖਾ ਨੂੰ ਕਾਰਵਾਈ ਵਿੱਚ ਹਿੱਸਾ ਲੈਂਦੇ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਜੇ ਇਹ ਲੋਕ ਸਦਨ ਦੀ ਕਾਰਵਾਈ ਵਿੱਚ ਨਹੀਂ ਆਉਂਦੇ ਤਾਂ ਇਸ ਦਾ ਅਰਥ ਹੈ ਕਿ ਉਨ੍ਹਾਂ ਦੀ ਦਿਲਚਸਪੀ ਨਹੀਂ? ਜੇ ਦਿਲਚਸਪੀ ਨਹੀਂ ਹੈ ਤਾਂ ਕੀ ਉਨ੍ਹਾਂ ਨੂੰ ਅਸਤੀਫ਼ਾ ਨਹੀਂ ਦੇ ਦੇਣਾ ਚਾਹੀਦਾ? ਅਗਰਵਾਲ ਨੇ ਸਦਨ ਵਿੱਚ ਇਸ ਮੁੱਦੇ ਨੂੰ ਪੁਆਇੰਟ ਆਫ਼ ਆਰਡਰ ਦੇ ਰੂਪ ਵਿੱਚ ਉਠਾਇਆ।
ਡਿਪਟੀ ਚੇਅਰਮੈਨ ਪੀ ਜੇ ਕੁਰੀਅਨ ਨੇ ਕਿਹਾ ਕਿ ਇਹ ਵਿਵਸਥਾ ਦਾ ਸਵਾਲ ਨਹੀਂ ਅਤੇ ਨਾਮਜ਼ਦ ਮੈਂਬਰਾਂ ਨੂੰ ਸਦਨ ਵਿੱਚ ਮੌਜੂਦ ਰਹਿਣ ਲਈ ਅਗਰਵਾਲ ਵੀ ਬੇਨਤੀ ਕਰ ਸਕਦੇ ਹਨ। ਇਸ ਉੱਤੇ ਅਗਰਵਾਲ ਨੇ ਕਿਹਾ ਕਿ ਜੇ ਡਿਪਟੀ ਚੇਅਰਮੈਨ ਦਾ ਅਜਿਹਾ ਸੁਝਾਅ ਹੈ ਤਾਂ ਉਹ ਇਨ੍ਹਾਂ ਮੈਂਬਰਾਂ ਨੂੰ ਖ਼ਤ ਲਿਖਣਗੇ। ਵਰਨਣ ਯੋਗ ਹੈ ਕਿ ਰਾਜ ਸਭਾ ਵਿੱਚ ਸਾਹਿਤ, ਵਿਗਿਆਨ, ਕਲਾ ਅਤੇ ਸਮਾਜ ਸੇਵਾ ਵਰਗੇ ਵੱਖ-ਵੱਖ ਖੇਤਰਾਂ ਨਾਲ ਜੁੜੇ ਹੋਏ 12 ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਣ ਦੀ ਮੁੱਢਾਂ ਤੋਂ ਰਿਵਾਇਤ ਹੈ।










#punjabinews

No comments:

Post a Comment