April 1, 2017 | By ਸਿੱਖ ਸਿਆਸਤ ਬਿਊਰੋ
ਵਾਸ਼ਿੰਗਟਨ: ਅਮਰੀਕਾ ਵਿੱਚ ਸਿੱਖ ਭਾਈਚਾਰੇ ਵਿਰੁੱਧ ਹਿੰਸਕ ਧਮਕੀਆਂ ਦੀਆਂ ਘਟਨਾਵਾਂ ਵਧ ਰਹੀਆਂ ਹਨ। ‘ਏਬੀਸੀ ਟੈਲੀਵਿਜ਼ਨ ਨੈੱਟਵਰਕ’ ਮੁਤਾਬਕ ‘ਸਿੱਖਸ ਪੁਲੀਟੀਕਲ ਐਕਸ਼ਨ ਕਮੇਟੀ’ (ਸਿੱਖਸਪੀਏਸੀ) ਦੇ ਚੇਅਰਮੈਨ ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਹੁਣ ਤੱਕ ਇੰਡੀਆਨਾ ਰਾਜ ਵਿੱਚ ਸਿੱਖਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਬੁਰਛਾਗਰਦੀ ਦੀਆਂ ਦੋ-ਦੋ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਰਿਪੋਰਟ ਅਨੁਸਾਰ ਫਿਸ਼ਰਜ਼ ਸਿਟੀ ਦੀ ਇਕ ਘਟਨਾ ਵਿੱਚ ਬੰਦੂਕਧਾਰੀ ਨੇ ਇਕ ਸਿੱਖ ਨੂੰ ਸਿੱਧੀ ਧਮਕੀ ਦਿੱਤੀ ਹੈ।
ਖ਼ਾਲਸਾ ਨੇ ਕਿਹਾ ਕਿ “ਕਿਸੇ ਨੇ ਇਕ ਸਿੱਖ ਨੂੰ ਬੰਦੂਕ ਦਿਖਾਈ ਅਤੇ ਪੁੱਛਿਆ ਕਿ ਤੂੰ ਕੌਣ ਹੈ? ਕਿਹੜੇ ਮੁਲਕ ਨਾਲ ਸਬੰਧਤ ਹੈ?” ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਧਮਕਾਉਣ ਦੀਆਂ ਕਈ ਹੋਰ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਸਿੱਖ ਅਮਰੀਕਨ ਫਿਜ਼ੀਸ਼ੀਅਨ ਅਮਨਦੀਪ ਸਿੰਘ ਨੇ ਕਿਹਾ ਕਿ ਉਸ ਨੂੰ ਪਿਛਲੇ ਹਫ਼ਤੇ ਮੋਬਾਈਲ ’ਤੇ ਸਿੱਧੀ ਧਮਕੀ ਵਾਲਾ ਸੰਦੇਸ਼ ਮਿਲਿਆ। ਉਹ ਸਮਝ ਨਹੀਂ ਪਾ ਰਿਹਾ ਕਿ ਅਮਰੀਕਾ ਵਿੱਚ ਸਿੱਖਾਂ ਨਾਲ ਇਹ ਵਰਤਾਰਾ ਕਿਉਂ ਵਾਪਰ ਰਿਹਾ ਹੈ। ਧਮਕੀਆਂ ਮਗਰੋਂ ਉਹ ਆਪਣੇ ਪਰਿਵਾਰ ਤੇ ਮਰੀਜ਼ਾਂ ਦੀ ਸੁਰੱਖਿਆ ਪੱਖੋਂ ਚਿੰਤਤ ਹੈ। ਉਸ ਨੇ ਕਿਹਾ ਕਿ ਖ਼ਾਸ ਤੌਰ ’ਤੇ ਜਦੋਂ ਤੁਹਾਡਾ ਪਰਿਵਾਰ ਤੇ ਬੱਚੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਬਾਰੇ ਡਰ ਦੀ ਭਾਵਨਾ ਮਨ ਵਿੱਚ ਆਉਂਦੀ ਹੈ।

ਸਿੱਖਸ ਪੀ.ਏ.ਸੀ. ਦੇ ਚੇਅਰਮੈਨ ਗੁਰਿੰਦਰ ਸਿੰਘ ਖ਼ਾਲਸਾ
ਅਮਨਦੀਪ ਸਿੰਘ ਨੇ ਕਿਹਾ, “ਮੈਂ ਇੱਥੇ 14 ਸਾਲਾਂ ਤੋਂ ਰਹਿ ਰਿਹਾ ਹਾਂ ਅਤੇ ਪਹਿਲਾਂ ਕਦੇ ਅਜਿਹਾ ਤਜਰਬਾ ਨਹੀਂ ਹੋਇਆ। ਮੇਰਾ ਕੰਮ ਲੋਕਾਂ ਦੀ ਸੇਵਾ ਹੈ। ਰੋਜ਼ਾਨਾ ਮੈਂ ਲੋਕਾਂ ਦੀ ਸੇਵਾ ਲਈ ਜਾਂਦਾ ਹਾਂ। ਮੇਰੇ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਫਿਰ ਵੀ ਮੇਰੇ ਬਾਰੇ ਕਿਸੇ ਦੇ ਦਿਮਾਗ ਵਿੱਚ ਅਜਿਹੀ ਗੱਲ ਆਈ।” ਸਿੱਖਸ ਪੀ.ਏ.ਸੀ. ਨੇ ਇਸ ਬਾਰੇ ਅਮਰੀਕੀ ਅਟਾਰਨੀ ਜਨਰਲ ਦੇ ਦਫ਼ਤਰ ਨਾਲ ਸੰਪਰਕ ਕੀਤਾ ਅਤੇ ਜਥੇਬੰਦੀ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਨ੍ਹਾਂ ਧਮਕੀਆਂ ਬਾਰੇ ਜਾਂਚ ਚੱਲ ਰਹੀ ਹੈ। ਅਮਰੀਕਾ ਦੇ ਪੰਜ ਸੂਬਿਆਂ ਵਿੱਚੋਂ ਸਿਰਫ਼ ਇੰਡੀਆਨਾ ਅਜਿਹਾ ਸੂਬਾ ਹੈ, ਜਿੱਥੇ ਨਸਲੀ ਅਪਰਾਧ ਵਿਰੋਧੀ ਕਾਨੂੰਨ ਨਹੀਂ ਹੈ।
ਗੁਰਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ “11 ਸਤੰਬਰ ਮਗਰੋਂ ਵੀ ਸਿੱਖ ਭਾਈਚਾਰੇ ਵਿਰੁੱਧ ਹਿੰਸਾ ਅਤੇ ਧਮਕੀਆਂ ਵਿੱਚ ਵਾਧਾ ਹੋਇਆ ਸੀ। ਅਸੀਂ ਇਸ ਮੁਲਕ ਨੂੰ ਪਿਆਰ ਕਰਦੇ ਹਾਂ। ਇਸੇ ਕਾਰਨ ਅਸੀਂ ਇੱਥੇ ਹਾਂ।” ਕੈਨਸਾਸ ਤੇ ਦੱਖਣੀ ਕੈਰੋਲੀਨਾ ਵਿੱਚ ਵੀ ਸਿੱਖਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਸਿੱਖ ਕਾਰੋਬਾਰੀਆਂ ਨੇ ਆਪਣੇ ਕਾਰੋਬਾਰਾਂ ਵਾਲੀਆਂ ਥਾਵਾਂ ’ਤੇ ਬੁਰਛਾਗਰਦੀ ਅਤੇ ਧਮਕੀਆਂ ਮਿਲਣ ਬਾਰੇ ਦੱਸਿਆ ਹੈ।
ਵਾਸ਼ਿੰਗਟਨ ਰਾਜ ਵਿੱਚ ਡਰਾਈਵਵੇਅ ਉਤੇ ਮਾਰਚ ਮਹੀਨੇ ਦੇ ਸ਼ੁਰੂ ਵਿੱਚ 39 ਸਾਲਾ ਸਿੱਖ ਨੂੰ ਗੋਲੀ ਮਾਰ ਦਿੱਤੀ ਗਈ ਸੀ। ਬੰਦੂਕਧਾਰੀ ਨੇ ਗੋਲੀ ਮਾਰਨ ਤੋਂ ਪਹਿਲਾਂ ਉਸ ਨੂੰ ਚੀਕ ਕੇ ਆਖਿਆ ਸੀ “ਆਪਣੇ ਮੁਲਕ ਵਾਪਸ ਚਲੇ ਜਾਓ।”
ਸਬੰਧਤ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Sikh doctor gets death threats in Indiana (USA) …
Related Topics: Gurinder Singh Khalsa SikhsPAC, Racism in America, Sikhs in US
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
#news #punjabi #GGEasy
No comments:
Post a Comment