ਮਾਂਟਰੀਅਲ, 30 ਮਾਰਚ (ਪੋਸਟ ਬਿਊਰੋ) : ਮਾਂਟਰੀਅਲ ਦੇ ਸਾਬਕਾ ਮੇਅਰ ਮਾਈਕਲ ਐਪਲਬਾਮ ਨੂੰ ਭ੍ਰਿਸ਼ਾਟਾਚਾਰ ਸਬੰਧੀ ਦੋਸ਼ਾਂ ਦੇ ਚੱਲਦਿਆਂ ਇੱਕ ਸਾਲ ਲਈ ਵੀਰਵਾਰ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ। ਐਪਲਬਾਮ ਨੇ ਵਾਅਦਾ ਕੀਤਾ ਕਿ ਜੇਲ੍ਹ ਤੋਂ ਬਾਹਰ ਆਉਣ ਉੱਤੇ ਉਹ ਬਿਹਤਰ ਇਨਸਾਨ ਬਣ ਚੁੱਕਿਆ ਹੋਵੇਗਾ।
ਉਸ ਨੂੰ ਦੋ ਸਾਲ ਦੀ ਪ੍ਰੋਬੇਸ਼ਨ ਵੀ ਮਿਲੀ ਹੈ। 54 ਸਾਲਾ ਐਪਲਬਾਮ ਨੂੰ ਹਥਕੜੀ ਲਗਾ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਆਪਣਾ ਪੱਖ ਰੱਖਦਿਆਂ ਉਨ੍ਹਾਂ ਆਖਿਆ ਕਿ ਆਪਣੇ ਵੱਲੋਂ ਅਤੀਤ ਵਿੱਚ ਕੀਤੀਆਂ ਗਈਆਂ ਗਲਤੀਆਂ ਬਾਰੇ ਉਹ ਜੇਲ੍ਹ ਵਿੱਚ ਪਛਤਾਵਾ ਕਰੇਗਾ ਤੇ ਆਪਣੇ ਭਵਿੱਖ ਵਿੱਚ ਵੱਖਰੀ ਕਿਸਮ ਦਾ ਨੇਕ ਇਨਸਾਨ ਬਣ ਕੇ ਹੀ ਨਿਕਲੇਗਾ। ਉਸ ਨੇ ਇਹ ਵੀ ਆਖਿਆ ਕਿ ਇੱਕ ਚੁਣੇ ਹੋਏ ਅਧਿਕਾਰੀ ਵਜੋਂ ਉਸ ਨੇ ਕਈ ਚੰਗੇ ਕੰਮ ਵੀ ਕੀਤੇ ਹਨ ਤੇ ਕਿਸੇ ਨਾ ਕਿਸੇ ਤਰ੍ਹਾਂ ਹੋਰ ਚੰਗੇ ਕੰਮ ਆਉਣ ਵਾਲੇ ਸਮੇਂ ਵਿੱਚ ਵੀ ਕਰੇਗਾ।
ਉਸ ਦੇ ਵਕੀਲ ਪਿਏਰੇ ਟੀਸਡੇਲ ਨੇ ਆਖਿਆ ਕਿ ਸਜ਼ਾ ਉਸ ਹਿਸਾਬ ਨਾਲ ਹੀ ਮਿਲੀ ਹੈ ਜਿਹੋ ਜਿਹੀ ਅਸੀਂ ਮੰਨ ਕੇ ਚੱਲ ਰਹੇ ਸਨ। ਐਪਲਬਾਮ ਖਿਲਾਫ 2007 ਤੇ 2010 ਵਿੱਚ ਦੋ ਵੱਖ ਵੱਖ ਡੀਲਜ਼ ਵਿੱਚ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਸਨ ਤੇ ਉਸ ਸਮੇਂ ਉਹ ਸ਼ਹਿਰ ਦਾ ਮੇਅਰ ਵੀ ਸੀ। ਐਪਲਬਾਮ ਉੱਤੇ ਇਨ੍ਹਾਂ ਡੀਲਜ਼ ਤੋਂ 37,000 ਡਾਲਰ ਕਮਾਉਣ ਦਾ ਦੋਸ਼ ਲੱਗਿਆ ਸੀ। ਇਸ ਮਾਮਲੇ ਵਿੱਚ ਵੱਧ ਤੋਂ ਵੱਧ ਪੰਜ ਸਾਲ ਦੀ ਸਜ਼ਾ ਹੋ ਸਕਦੀ ਸੀ।
ਮਿਉਂਸਪਲ ਪੱਧਰ ਉੱਤੇ ਲੰਮੇ ਸਿਆਸੀ ਕਰੀਅਰ ਤੋਂ ਬਾਅਦ ਨਵੰਬਰ 2012 ਤੇ ਜੂਨ 2013 ਦਰਮਿਆਨ ਐਪਲਬਾਮ ਨੇ ਮਾਂਟਰੀਅਲ ਦੇ ਅੰਤਰਿਮ ਮੇਅਰ ਵਜੋਂ ਕੰਮ ਕੀਤਾ। ਉਸ ਦੇ ਸਾਬਕਾ ਸਹਾਇਕ ਹੂਗੋ ਟਰੈਂਬਲੇ ਵੱਲੋਂ ਦਿੱਤੀ ਗਈ ਗਵਾਹੀ ਤੋਂ ਬਾਅਦ ਉਸ ਖਿਲਾਫ ਮੁਜਰਮਾਨਾ ਕੇਸ ਦਰਜ ਹੋਇਆ। ਮਾਮਲੇ ਦੀ ਸੁਣਵਾਈ ਦੌਰਾਨ ਟਰੈਂਬਲੇ ਨੇ ਆਖਿਆ ਕਿ ਉਸ ਨੇ ਹੀ ਮੇਅਰ ਲਈ ਡਿਵੈਲਪਰਜ਼ ਤੇ ਕਾਰੋਬਾਰੀਆਂ ਨੂੰ ਇਹ ਯਕੀਨ ਦਿਵਾਇਆ ਕਿ ਉਨ੍ਹਾਂ ਦੇ ਪ੍ਰੋਜੈਕਟ ਉਦੋਂ ਤੱਕ ਮਨਜ਼ੂਰ ਨਹੀਂ ਹੋਣਗੇ ਜਾਂ ਉਨ੍ਹਾਂ ਵਿੱਚ ਦੇਰ ਹੁੰਦੀ ਰਹੇਗੀ ਜਿੰਨਾ ਚਿਰ ਨਕਦ ਚੜ੍ਹਾਵਾ ਉੱਤੇ ਨਹੀਂ ਚੜ੍ਹਾਇਆ ਜਾਂਦਾ।
ਇਹ ਚਾਰਜਿਸ ਦੋ ਪ੍ਰੋਜੈਕਟਾਂ ਵਿੱਚ ਲੱਗੇ, ਇੱਕ ਤਾਂ ਸਟੂਡੈਂਟ ਰੈਜ਼ੀਡੈਂਸ ਤੇ ਦੂਜਾ ਐਕੁਏਟਿਕ ਸੈਂਟਰ। ਦੋਵਾਂ ਪ੍ਰੋਜੈਕਟਾਂ ਲਈ 60,000 ਡਾਲਰ ਦੀ ਰਕਮ ਮੰਗੀ ਗਈ। ਟਰੈਂਬਲੇ ਨੇ ਆਖਿਆ ਕਿ ਇਸ ਤੋਂ ਬਾਅਦ ਉਸ ਨੇ ਐਪਲਬਾਮ ਤੋਂ ਪਾਸਾ ਵੱਟ ਲਿਆ।
#punjabinews
No comments:
Post a Comment