Friday, March 31, 2017

ਛੇ ਹਜ਼ਾਰ ਕਰੋੜ ਰੁਪਏ ਦੇ ਹਵਾਲਾ ਕੇਸ ‘ਚ ਪਿਉ ਪੁੱਤਰ ਗ੍ਰਿਫਤਾਰ






ਨਵੀਂ ਦਿੱਲੀ, 30 ਮਾਰਚ (ਪੋਸਟ ਬਿਊਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਬੈਂਕ ਆਫ ਬੜੌਦਾ ਮਨੀ ਲਾਂਡ੍ਰਿੰਗ ਰੈਕਟ ਨਾਲ ਜੁੜੇ ਹੋਏ ਦਿੱਲੀ ਦੇ ਕਾਰੋਬਾਰੀ ਪਿਤਾ-ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ ਉੱਤੇ ਫਰਜ਼ੀ ਕੰਪਨੀਆਂ ਦੇ ਰਾਹੀਂ ਕਰੀਬ 250 ਕਰੋੜ ਰੁਪਏ ਹਾਂਗਕਾਂਗ ਨੂੰ ਭੇਜਣ ਦਾ ਦੋਸ਼ ਹੈ।
ਦਿੱਲੀ ਦੇ ਅਸ਼ੋਕ ਵਿਹਾਰ ਵਾਲੀ ਬੈਂਕ ਆਫ ਬੜੌਦਾ ਦੀ ਬਰਾਂਚ ਤੋਂ ਕਰੀਬ 6000 ਕਰੋੜ ਰੁਪਏ ਦੇ ਹਵਾਲਾ ਰੈਕਟ ਦਾ ਪਿਛਲੇ ਸਾਲ ਜਾਂਚ ਏਜੰਸੀਆਂ ਨੇ ਪਰਦਾ ਫਾਸ਼ ਕੀਤਾ ਸੀ। ਤਾਜ਼ਾ ਗ੍ਰਿਫਤਾਰੀਆਂ ਇਸੇ ਕੇਸ ਨਾਲ ਸਬੰਧਤ ਹਨ। ਈ ਡੀ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਪਿਉ ਪੁੱਤਰ ਮਨਮੋਹਨ ਸਿੰਘ ਸਹਿਗਲ ਤੇ ਗਗਨਦੀਪ ਸਿੰਘ ਸਹਿਗਲ ਦਾ ਚੀਨ ਤੋਂ ਮੋਬਾਈਲ ਜੰਤਰ ਇੰਪੋਰਟ ਕਰਨ ਦਾ ਕਾਰੋਬਾਰ ਹੈ। ਕਸਟਮ ਡਿਊਟੀ ਬਚਾਉਣ ਲਈ ਦੋਵਾਂ ਨੇ ਵਰੁਣ ਭਾਟੀਆ ਤੇ ਗੌਰਵ ਭਾਟੀਆ ਨਾਂ ਦੇ ਇੱਕ ਡਾਟਾ ਐਂਟਰੀ ਆਪ੍ਰੇਟਰ ਦੀ ਮਦਦ ਨਾਲ ਬੈਂਕ ਆਫ ਬੜੌਦਾ ਦੀ ਅਸ਼ੋਕ ਵਿਹਾਰ ਬਰਾਂਚ ਵਿੱਚ ਤਿੰਨ ਫਰਜ਼ੀ ਕੰਪਨੀਆਂ ਦੇ ਖਾਤੇ ਖੁੱਲ੍ਹਵਾਏ ਸਨ। ਫਿਰ ਐਡਵਾਂਸ ਦੇ ਨਾਂਅ ਉੱਤੇ ਹਾਂਗਕਾਂਗ ਦੀ ਇਕ ਕੰਪਨੀ ਵਿੱਚ 245 ਕਰੋੜ ਰੁਪਏ ਭੇਜ ਦਿੱਤੇ, ਜਦ ਕਿ ਅਸਲੀਅਤ ਵਿੱਚ ਇਹ ਕੰਪਨੀਆਂ ਕੋਈ ਕੰਮ ਕਰਦੀਆਂ ਹੀ ਨਹੀਂ ਸਨ। ਈ ਡੀ ਮੁਤਾਬਕ ਇਸ ਰਕਮ ਦੀ ਵਰਤੋਂ ਸਹਿਗਲ ਪਿਉ ਪੁੱਤਰ ਚੀਨ ਵਿੱਚ ਮਹਿੰਗੇ ਮੋਬਾਈਲ ਜੰਤਰ ਖਰੀਦਣ ਵਿੱਚ ਕਰਦੇ ਸਨ, ਪਰ ਭਾਰਤ ਵਿੱਚ ਉਸ ਦੀ ਕੀਮਤ ਕਾਫੀ ਘੱਟ ਵਿਖਾਉਂਦੇ ਸਨ। ਕੀਮਤ ਘੱਟ ਵਿਖਾਉਣ ਉੱਤੇ ਉਨ੍ਹਾਂ ਨੂੰ ਭਾਰਤ ਵਿੱਚ ਘੱਟ ਇੰਪੋਰਟ ਡਿਊਟੀ ਦੇਣੀ ਪੈਂਦੀ ਸੀ।










#punjabinews

No comments:

Post a Comment