ਟੋਰਾਂਟੋ ਪੁਲੀਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਭਾਰਤੀ ਮੂਲ ਦੇ 37 ਸਾਲਾ ਮੁਰਲੀ ਮੁਥਈਆ ਉਰਫ਼ ਮਾਸਟਰ ਰਾਘਵ ਨੂੰ 1 ਲੱਖ 1 ਡਾਲਰ ਲੈ ਕੇ ਕਿਸੇ ਵਿਅਕਤੀ ਦੀਆਂ ਭੂਤਾਂ ਉਤਾਰਨ ਦਾ ਝੂਠਾ ਵਾਅਦਾ ਕਰਨ ਬਦਲੇ ਚਾਰਜ ਕੀਤਾ ਗਿਆ ਹੈ। ਮਾਸਟਰ ਰਾਘਵ ਆਪਣੀਆਂ ਸੇਵਾਵਾਂ ਨੂੰ ਅਖਬਾਰਾਂ ਅਤੇ ਇੰਟਰਨੈੱਟ ਉੱਤੇ ਐਡਵਰਟਾਈਜ਼ ਕਰਦਾ ਸੀ ਅਤੇ ਭੋਲੇ ਭਾਲੇ ਲੋਕਾਂ ਨੂੰ ਫਸਾਉਣ ਦਾ ਉਸਨੇ ਇੱਕ ਲੰਬਾ ਚੌੜਾ ਜਾਲ ਬੁਣ ਰੱਖਿਆ ਸੀ। ਵੈਸੇ ਮਾਸਟਰ ਰਾਘਵ ਨੂੰ ਚਾਰਜ ਕੀਤੇ ਜਾਣ ਦੀ ਕੈਨੇਡਾ ਵੱਸਦੇ ਭਾਰਤੀ ਭਾਈਚਾਰੇ ਨੂੰ ਕੋਈ ਅਜੀਬ ਨਹੀਂ ਜਾਪੇਗੀ ਕਿਉਂਕਿ ਸਾਡੇ ਭਾਈਚਾਰੇ ਦੇ ਹਜ਼ਾਰਾਂ ਲੋਕ ਪੁੱਛਾਂ ਦੇਣ ਵਾਲੇ ਬਾਬਿਆਂ ਅਤੇ ਮੁੱਕਦਰ ਬਦਲ ਦੇਣ ਵਾਲੀਆਂ ਬੀਬੀਆਂ ਦੀਆਂ ਚੌਕੀਆਂ ਬਹੁਤ ਖੁਸ਼ੀ ਅਤੇ ਚਾਵਾਂ ਨਾਲ ਭਰਦੇ ਹਨ।
ਹਾਲਾਂ ਕਿ ਕੈਨੇਡਾ ਦੇ ਕ੍ਰਿਮੀਨਲ ਕੋਡ ਦੀ ਧਾਰਾ 365 ਸਪੱਸ਼ਟ ਕਰਦੀ ਹੈ ਕਿ ਜੇਕਰ ਤੁਸੀਂ ਭੂਤਾਂ ਪਰੇਤਾਂ, ਟੂਣਿਆਂ ਨੂੰ ਕਰਨ ਦੀ ਸ਼ਕਤੀ ਦਾ ਵਿਖਾਵਾ ਕਰਨ ਦਾ ਦਾਅਵਾ ਕਰਦੇ ਹੋ, ਭੱਵਿਖ ਦੱਸਣ ਲਈ ਪੈਸੇ ਲੈਂਦੇ ਹੋ ਜਾਂ ਅਜਿਹੇ ਹੁਨਰ ਰੱਖਣ ਦਾ ਦਾਅਵਾ ਕਰਦੇ ਹੋ ਕਿ ਤੁਸੀਂ ਗੁਆਚ ਚੁੱਕੀ ਚੀਜ ਨੂੰ ਦੱਸ ਸਕਦੇ ਹੋ ਕਿ ਕਿੱਥੇ ਗਈ ਹੈ ਜਾਂ ਕਿੱਥੇ ਤੋਂ ਮਿਲ ਸਕਦੀ ਹੈ ਤਾਂ ਤੁਸੀਂ ਕ੍ਰਿਮੀਨਲ ਗੁਨਾਹ ਕਰ ਰਹੇ ਹੋ। ਕੈਨੇਡੀਅਨ ਕ੍ਰਿਮੀਨਲ ਕੋਡ ਦੀ ਇਹ ਧਾਰਾ ਅੱਜ ਤੋਂ 125 ਸਾਲ ਤੋਂ ਵੀ ਵੱਧ ਸਾਲ ਪਹਿਲਾਂ ਲਿਖੀ ਗਈ ਸੀ। ਕਨੂੰਨ ਦੇ ਮਾਹਰਾਂ ਦਾ ਖਿਆਲ ਹੈ ਕਿ ਇਸ ਬਾਬਤ ਕਨੂੰਨ ਨੂੰ ਨਵੇਂ ਸਿਰੇ ਤੋਂ ਲਿਖੇ ਜਾਣ ਦੀ ਲੋੜ ਹੈ। ਇਸ ਬਾਬਤ ਭਾਰਤੀ ਮੂਲ ਦੇ ਐਮ ਪੀਆਂ ਨੂੰ ਪਾਰਲੀਮੈਂਟ ਵਿੱਚ ਆਵਾਜ਼ ਚੁੱਕਣ ਦੀ ਲੋੜ ਹੈ ਕਿਉਂਕਿ ਇਹ ਸਾਰੇ ਦੇ ਸਾਰੇ ਐਮ ਪੀ ਜਾਣਦੇ ਹਨ ਕਿ ਇੰਡੋ ਕੈਨੇਡੀਅਨ ਭਾਈਚਾਰੇ ਵਿੱਚ “ਕਿਸਮਤ ਬਦਲ ਦੇਣ ਦੀ ਸ਼ਕਤੀ ਰੱਖਣ ਵਾਲੇ` ਬਾਬਿਆਂ ਦਾ ਕਿੰਨਾ ਅਹਿਮ ਰੋਲ ਹੈ।
ਭਾਰਤੀ ਮੂਲ ਦੇ ਲੋਕਾਂ ਵਿੱਚ ਕਿਸਮਤ ਬਦਲਣ ਦੀ ਲਾਲਸਾ ਦਾ ਹੀ ਨਤੀਜਾ ਹੈ ਕਿ ਅਖ਼ਬਾਰਾਂ ਜਾਂ ਵੈੱਬਸਾਈਟਾਂ ਉੱਤੇ ਇਸ਼ਤਿਹਾਰ ਦੇਣ ਵਾਲੇ ਜਿ਼ਆਦਾਤਰ ਬਾਬੇ ਪਾਕਿਸਤਾਨੀ ਮੂਲ ਦੇ ਹੁੰਦੇ ਹਨ। ਇਸਦਾ ਅਰਥ ਹੈ ਕਿ ਇਹ ਧੰਦਾ ਸਿਰਫ਼ ਲੋਕਾਂ ਦੀ ਮਾਨਸਿਕ ਕਮਜ਼ੋਰੀ ਦਾ ਹੀ ਹਿੱਸਾ ਨਹੀਂ ਸਗੋਂ ਉਹਨਾਂ ਵਿੱਚ ਆਪਣੇ ਧਰਮ ਪ੍ਰਤੀ ਸ਼ਰਧਾ ਅਤੇ ਸਹੀ ਗਿਆਨ ਦੀ ਵੀ ਘਾਟ ਦਾ ਨਤੀਜਾ ਹੈ। ਸਾਡੇ ਧਾਰਮਿਕ ਅਦਾਰੇ ਇਸ ਬੁਰਾਈ ਨੂੰ ਰੋਕਣ ਵਿੱਚ ਇਸ ਲਈ ਅਸਫ਼ਲ ਹੋ ਰਹੇ ਹਨ ਕਿਉਂਕਿ ਧਾਰਮਿਕ ਸਥਾਨਾਂ ਉੱਤੇ ਲੋਕਾਂ ਦੀ ਅੰਨੀ ਆਸਥਾ ਦਾ ਘਰ ਤਾਂ ਪੂਰਾ ਹੋ ਜਾਂਦਾ ਹੈ ਪਰ ਲੋਕਾਂ ਦੇ ਮਨਾਂ ਵਿੱਚ ਛਾਏ ਹਨੇਰੇ ਨੂੰ ਦੂਰ ਕਰਨ ਵਾਲੇ ‘ਅਸਲ ਗਿਆਨੀਆਂ’ ਦੀ ਵੱਡੀ ਘਾਟ ਹੈ।
ਇਸ ਬੁਰਾਈ ਨੂੰ ਦੂਰ ਕਰਨ ਲਈ ਤਰਕਸ਼ੀਲ ਮੁਹਿੰਮ ਵੱਲੋਂ ਕੀਤੇ ਜਾਂਦੇ ਯਤਨ ਜਿੱਥੇ ਸ਼ਲਾਘਾਯੋਗ ਹਨ। ਪਰ ਤਕਰਸ਼ੀਲਾਂ ਨੂੰ ਇਹ ਗੱਲ ਕਬੂਲ ਕਰਨੀ ਪਵੇਗੀ ਕਿ ਜਿਸ ਵਰਤਾਰੇ ਨੂੰ ਗੁਰਬਾਣੀ ਕਬੂਲ ਕਰਦੀ ਹੈ, ਦੇਸ਼ ਦੇਸ਼ਾਂਤਰਾਂ ਦੇ ਵਿਸ਼ਵਾਸ਼ ਕਬੂਲ ਕਰਦੇ ਹਨ, ਉਸ ਵਰਤਾਰੇ ਦਾ ਸਾਹਮਣਾ ਗਿਆਨ ਅਤੇ ਼ਲੋਕ-ਮਨ (public mind) ਦੀਆਂ ਪਰਤਾਂ ਨੂੰ ਸਮਝ ਕੇ ਹੀ ਕੀਤਾ ਜਾ ਸਕਦਾ ਹੈ।
ਵਹਿਮਾਂ ਦੇ ਵਰਤਾਰੇ ਨੂੰ ਠੱਲਣ ਲਈ ਦੋ ਵਿਧੀਆਂ ਪੱਕੇ ਰੂਪ ਵਿੱਚ ਕਾਰਗਰ ਹੋ ਸਕਦੀਆਂ ਹਨ। ਪਹਿਲੀ ਕੈਨੇਡਾ ਦੇ ਕ੍ਰਿਮੀਨਲ ਕੋਡ ਦੀ ਧਾਰਾ 365 ਨੂੰ ਬਦਲ ਕੇ ਨਵੇਂ ਯੁੱਗ ਦਾ ਹਾਣ ਦਾ ਬਣਾਇਆ ਜਾਣਾ। ਇਸ ਵਿੱਚ ਇੰਡੋ ਕੈਨੇਡੀਅਨ ਐਮ ਪੀਆਂ ਨੂੰ ਅੱਗੇ ਹੋ ਕੇ ਰੋਲ ਅਦਾ ਕਰਨਾ ਚਾਹੀਦਾ ਹੈ। ਉਹਨਾਂ ਦਾ ਕੀਤਾ ਕਰਮ ਕਮਿਉਨਿਟੀ ਦੇ ਭਾਗਾਂ ਨੂੰ ਤਾਂ ਨਹੀਂ ਬਦਲੇਗਾ ਲੇਕਿਨ ਭਾਗਾਂ ਨੂੰ ਬਦਲਣ ਵਾਲਿਆਂ ਦੇ ਘਰ ਅਮੀਰ ਹੋਣ ਤੋਂ ਰੋਕਣ ਵਿੱਚ ਜਰੂਰ ਸਹਾਈ ਹੋਵੇਗਾ। ਦੂਜਾ ਰਸਤਾ ਹੈ ਗੁਰਬਾਣੀ ਨੂੰ ਉਸਦੇ ਆਤਮ-ਭਾਵ ਅਨੁਸਾਰ ਸਮਝ ਕੇ ਮਨ ਨੂੰ ਜੋਤ ਸਰੂਪ ਬਣਾਉਣ ਦਾ ਯਤਨ ਕਰਨਾ। ਇਹ ਗੱਲ ਤਾਂ ਭੂਤਾਂ ਕੱਢਣ ਵਾਲੇ ਬਾਬੇ ਵੀ ਜਾਣਦੇ ਹਨ ਕਿ ਭੂਤਾਂ ਜੋਤ ਦੇ ਨੇੜੇ ਨਹੀਂ ਜਾਂਦੀਆਂ।
#punjabinews
No comments:
Post a Comment